ਪਟਿਆਲਾ, 6 ਅਕਤੂਬਰ, 2026 (ਛਤਰਪਾਲ ਸਿੰਘ) : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ 30 ਸਤੰਬਰ 2026 ਨੂੰ “ਯੂਨੀਵਰਸਿਟੀ ਲਈ ਫੰਡ ਕਿਵੇਂ ਜੁਟਾਏ ਜਾਣ” (How to Raise Funding for the University) ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਮਾਣਯੋਗ ਵਾਈਸ-ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਜੀ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਸਕੂਲ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਕਾਮਰਸ ਵੱਲੋਂ ਸੈਂਟਰ ਫਾਰ ਇੰਟਰਨਲ ਕੁਆਲਿਟੀ ਅਸ਼ੋਰੈਂਸ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਵਿਸ਼ੇਸ਼ ਲੈਕਚਰ ਦਿੱਤਾ।
ਮਾਣਯੋਗ ਵਾਈਸ-ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਯੂਨੀਵਰਸਿਟੀ ਦੀ ਮਜ਼ਬੂਤੀ ਲਈ ਖੋਜ, ਨਵੀਨਤਾ, ਆਪਸੀ ਸਹਿਯੋਗ ਅਤੇ ਵਸੀਲਿਆਂ ਦੀ ਸਹੀ ਵਰਤੋਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਫੈਕਲਟੀ ਮੈਂਬਰਾਂ ਨੂੰ ਰਾਸ਼ਟਰੀ ਅਤੇ ਸੰਸਥਾਗਤ ਪੱਧਰ ‘ਤੇ ਫੰਡਿੰਗ ਦੇ ਮੌਕਿਆਂ ਦੀ ਸਰਗਰਮੀ ਨਾਲ ਭਾਲ ਕਰਨ ਲਈ ਉਤਸ਼ਾਹਿਤ ਕੀਤਾ। ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ, ਵਾਈਸ-ਚਾਂਸਲਰ, ਐੱਮ.ਆਰ.ਐੱਸ.ਪੀ.ਟੀ.ਯੂ. ਨੇ ਫੈਕਲਟੀ ਮੈਂਬਰਾਂ ਨੂੰ ਖੋਜ ਅਤੇ ਅਕਾਦਮਿਕ ਗਤੀਵਿਧੀਆਂ ਲਈ ਫੰਡ ਇਕੱਠੇ ਕਰਨ ਦੇ ਵੱਖ-ਵੱਖ ਜ਼ਰੀਏ ਦੱਸੇ। ਉਨ੍ਹਾਂ ਨੇ ‘ਸਵੈਮ’ (SWAYAM) ਅਤੇ ‘ਸਵੈਮ ਪਲੱਸ’ ਪਲੇਟਫਾਰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਫੈਕਲਟੀ ਨੂੰ ਅਕਾਦਮਿਕ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਲਈ ਇਹਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਢੁਕਵੇਂ ਪ੍ਰੋਜੈਕਟਾਂ ਰਾਹੀਂ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ (ਸੀ.ਐੱਸ.ਆਰ.) ਫੰਡ ਪ੍ਰਾਪਤ ਕਰਨ ਦੇ ਮੌਕਿਆਂ ਅਤੇ ਸੈਕਸ਼ਨ 8 ਕੰਪਨੀ ਦੀ ਭੂਮਿਕਾ ‘ਤੇ ਚਰਚਾ ਕੀਤੀ। ਪ੍ਰੋ. ਸ਼ਰਮਾ ਨੇ ਆਈ.ਸੀ.ਐੱਸ.ਐੱਸ.ਆਰ. (ICSSR) ਦੀ ‘ਇੰਪ੍ਰੈਸ’ (IMPRESS) ਸਕੀਮ ਦੇ ਨਾਲ-ਨਾਲ ਸਿੱਖਿਆ ਮੰਤਰਾਲੇ (MoE), ਯੂ.ਜੀ.ਸੀ. (UGC) ਅਤੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ANRF) ਰਾਹੀਂ ਮਿਲਣ ਵਾਲੀਆਂ ਖੋਜ ਫੰਡਿੰਗਾਂ ਦਾ ਜ਼ਿਕਰ ਕਰਦਿਆਂ ਫੈਕਲਟੀ ਨੂੰ ਮਿਆਰੀ ਅਤੇ ਨਤੀਜਾ-ਮੁਖੀ ਖੋਜ ਪ੍ਰਸਤਾਵ ਤਿਆਰ ਕਰਨ ਦੀ ਅਪੀਲ ਕੀਤੀ।
ਡਾ. ਸੁਲਕਸ਼ਨਾ, ਮੁਖੀ, ਸਕੂਲ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਕਾਮਰਸ ਵੱਲੋਂ ਉਲੀਕੇ ਗਏ ਇਸ ਸੈਮੀਨਾਰ ਨੇ ਫੰਡਿੰਗ ਏਜੰਸੀਆਂ ਦੀ ਪਛਾਣ ਕਰਨ, ਪ੍ਰਭਾਵਸ਼ਾਲੀ ਪ੍ਰਸਤਾਵ ਤਿਆਰ ਕਰਨ ਅਤੇ ਸੰਸਥਾਗਤ ਵਿੱਤੀ ਸਰੋਤਾਂ ਨੂੰ ਵਧਾਉਣ ਲਈ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਨਵਲੀਨ ਮੁਲਤਾਨੀ, ਐਸੋਸੀਏਟ ਡੀਨ ਰਿਸਰਚ ਨੇ ਆਏ ਹੋਏ ਮਹਿਮਾਨਾਂ ਅਤੇ ਫੈਕਲਟੀ ਦਾ ਰਸਮੀ ਧੰਨਵਾਦ ਕੀਤਾ।







