ਚੰਡੀਗੜ੍ਹ, 30 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਸ਼੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਗੀਤਾ ਦੇ ਗਿਆਨ, ਮਿਹਨਤੀ ਕਿਸਾਨਾਂ, ਸਰਹੱਦ ‘ਤੇ ਲੜਨ ਵਾਲੇ ਨੌਜਵਾਨਾਂ, ਏਸ਼ੀਅਨ, ਓਲੰਪਿਕ, ਕਾਮਨਵੇਲਥ ਖੇਡਾਂ ਵਿੱਚ ਮੈਡਲ ਲਿਆਉਣ ਵਾਲੇ ਨੌਜਵਾਨ ਖਿਡਾਰੀਆਂ ਦੀ ਧਰਤੀ ਹੈ। ਸ਼੍ਰੀ ਵਿਜ ਮੰਗਲਵਾਰ ਨੂੰ ਪਿੰਡ ਪੰਜੋਖਰਾ ਸਾਹਿਬ, ਅੰਬਾਲਾ ਛਾਉਣੀ ਵਿੱਚ ਆਯੋਜਿਤ ਸੱਤਵੀਂ ਕਬੱਡੀ ਪ੍ਰਤੀਯੋਗਤਾ ਵਿੱਚ ਮੁੱਖ ਮਹਿਮਾਨ ਵਜੋਂ ਰਿਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਆਯੋਜਕਾਂ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਮੰਤਰੀ ਅਨਿਲ ਵਿਜ ਨੇ ਪ੍ਰਤੀਯੋਗਤਾ ਦੀਆਂ ਗਤੀਵਿਧੀਆਂ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਊਰਜਾ ਮੰਤਰੀ ਸ਼੍ਰੀ ਅਨਿਲ ਵਿਜ ਨੇ ਇੱਥੇ ਆਯੋਜਕਾਂ ਦੁਆਰਾ ਆਯੋਜਿਤ ਕਬੱਡੀ ਪ੍ਰਤੀਯੋਗਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜੋਖਰਾ ਸਾਹਿਬ ਪ੍ਰਤੀਯੋਗਤਾ ਨਾਲ ਜੁੜੇ ਨੌਜਵਾਨਾਂ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰੇ ਦੇਸ਼ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਹਰਿਆਣਾ ਵਿੱਚ ਵੀ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਹਰਿਆਣਾ ਦੀ ਧਰਤੀ ਇਤਿਹਾਸਕ ਧਰਤੀ ਹੈ। ਇਸ ਧਰਤੀ ‘ਤੇ ਖਿਡਾਰੀਆਂ ਦੇ ਹੱਥ ਵਿੱਚ ਬੱਲਾ, ਫੁੱਟਬਾਲ, ਹਾਕੀ ਹੋਣੀ ਚਾਹੀਦੀ ਹੈ, ਨਾ ਕਿ ਨਸ਼ੇ ਦੀ ਪੁੜੀ। ਨਸ਼ਾ ਸਿਰਫ ਨੌਜਵਾਨ ਦੀ ਜ਼ਿੰਦਗੀ ਖਰਾਬ ਨਹੀਂ ਕਰਦਾ ਬਲਕਿ ਉਸਦੇ ਪੂਰੇ ਪਰਿਵਾਰ ਅਤੇ ਘਰ ਦੀ ਨੀਂਹ ਨੂੰ ਖਰਾਬ ਕਰ ਦਿੰਦਾ ਹੈ। ਇਹ ਇੱਕ ਅਜਿਹਾ ਜ਼ਹਿਰ ਹੈ ਜਿਸਨੇ ਕਈ ਨੌਜਵਾਨਾਂ ਦੀ ਜ਼ਿੰਦਗੀ ਨੂੰ ਖਰਾਬ ਕਰ ਦਿੱਤਾ ਹੈ।
ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੁਆਰਾ ਨਸ਼ਾ ਮੁਕਤ ਯਾਤਰਾ ਚਲਾਈ ਜਾ ਰਹੀ ਹੈ। ਪੰਜਾਬ ਅਤੇ ਪਾਕਿਸਤਾਨ ਆਦਿ ਰਾਜਾਂ/ਦੇਸ਼ਾਂ ਤੋਂ ਨਸ਼ੇ ਦੀ ਜੋ ਖੇਪ ਆਉਂਦੀ ਹੈ, ਉਸ ‘ਤੇ ਠੱਲ੍ਹ ਪਾਉਣ ਲਈ ਸਮੇਂ-ਸਮੇਂ ‘ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਗ੍ਰਹਿ ਮੰਤਰੀ ਸਨ, ਤਾਂ ਉਨ੍ਹਾਂ ਨੇ ਇਸ ਲਈ ਵੱਖਰੀ ਇੱਕ ਸੁਤੰਤਰ ਟੀਮ ਗਠਿਤ ਕੀਤੀ ਹੋਈ ਸੀ। ਇਸ ਗਠਿਤ ਟੀਮ ਦੁਆਰਾ ਨਸ਼ੇ ‘ਤੇ ਠੱਲ੍ਹ ਪਾਉਣ ਦੀ ਕਾਰਵਾਈ ਕੀਤੀ ਗਈ। ਸਭ ਤੋਂ ਪਹਿਲਾਂ ਨਸ਼ਾ ਕਿੱਥੋਂ ਆਉਂਦਾ ਹੈ ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਨਸ਼ੇ ਦੀ ਗ੍ਰਿਫ਼ਤ ਵਿੱਚ ਜੋ ਨੌਜਵਾਨ ਜਾਂ ਹੋਰ ਹਨ, ਉਨ੍ਹਾਂ ਨੂੰ ਇਸ ਵਿੱਚੋਂ ਬਾਹਰ ਕੱਢਣ ਲਈ ਕੰਮ ਕਰਨਾ ਹੈ, ਉਨ੍ਹਾਂ ਨੂੰ ਸਮਝਾਉਣਾ ਹੈ। ਨਸ਼ਾ ਛੁਡਾਊ ਕੇਂਦਰਾਂ ਦੇ ਮਾਧਿਅਮ ਨਾਲ ਅਜਿਹੇ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਾਹਰ ਲਿਆਉਣ ਦਾ ਕੰਮ ਕਰਨਾ ਹੈ।
ਮੰਤਰੀ ਅਨਿਲ ਵਿਜ ਨੇ ਇਸ ਮੌਕੇ ਇਹ ਵੀ ਕਿਹਾ ਕਿ ਜਦੋਂ ਉਹ ਸਿਹਤ ਮੰਤਰੀ ਸਨ ਤਾਂ ਉਨ੍ਹਾਂ ਨੇ ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦਾ ਕੰਮ ਕੀਤਾ। ਨਸ਼ਿਆਂ ਨੂੰ ਰੋਕਣ ਲਈ ਹਰ ਨਾਗਰਿਕ, ਹਰ ਸ਼ਹਿਰ ਅਤੇ ਆਮ ਜਨਤਾ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਸਾਡੇ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਆਪਣੇ ਜ਼ਿਲ੍ਹੇ ਅਤੇ ਪ੍ਰਦੇਸ਼ ਨੂੰ ਨਸ਼ਾ ਮੁਕਤ ਬਣਾਉਣਾ ਹੈ। ਉਨ੍ਹਾਂ ਨੇ ਇਸ ਮੌਕੇ ਇੱਕ ਮਾਂ-ਪੁੱਤ ਦਾ ਉਦਾਹਰਣ ਦਿੰਦਿਆਂ ਦੱਸਿਆ ਕਿ ਇੱਕ ਮਾਂ ਬਾਬਾ ਕੋਲ ਗਈ ਅਤੇ ਕਿਹਾ ਕਿ ਮੇਰੇ ਪੁੱਤ ਨੂੰ ਮਿੱਟੀ ਖਾਣ ਦੀ ਆਦਤ ਹੈ, ਬਾਬਾ ਨੇ ਕਿਹਾ ਕਿ ਉਸਨੂੰ ਗੁੜ ਦੇਣਾ ਸ਼ੁਰੂ ਕਰ ਦਿਓ। ਉਸੇ ਤਰ੍ਹਾਂ ਸਾਨੂੰ ਆਪਣੇ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਕੰਮ ਕਰਨਾ ਹੈ, ਸਕਾਰਾਤਮਕ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਹੈ, ਖੇਡਾਂ ਵਿੱਚ ਭਾਗ ਲੈਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਹੈ, ਤਾਂ ਜੋ ਅੱਜ ਦਾ ਨੌਜਵਾਨ ਨਸ਼ਿਆਂ ਤੋਂ ਦੂਰ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਹ ਖੇਡ ਮੰਤਰੀ ਸਨ ਤਾਂ ਉਨ੍ਹਾਂ ਨੇ ਖਿਡਾਰੀਆਂ ਲਈ ਅਨੇਕਾਂ ਕਾਰਜ ਕੀਤੇ।
ਸ਼੍ਰੀ ਵਿਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਨੌਜਵਾਨਾਂ ਲਈ ਇੱਥੇ ਅੰਤਰਰਾਸ਼ਟਰੀ ਪੱਧਰ ਦਾ ਫੁੱਟਬਾਲ ਸਟੇਡੀਅਮ, ਆਲ ਵੈਦਰ ਸਵੀਮਿੰਗ ਪੂਲ, ਬੈਡਮਿੰਟਨ ਹਾਲ ਦੇ ਨਾਲ-ਨਾਲ ਅਨੇਕਾਂ ਅਜਿਹੇ ਕਾਰਜ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਦਾ ਨੌਜਵਾਨ ਗਲਤ ਰਸਤਿਆਂ ‘ਤੇ ਨਾ ਜਾ ਕੇ ਖੇਡਾਂ ਦੇ ਮੈਦਾਨ ਵਿੱਚ ਜਾਵੇ, ਖੇਡ ਜਗਤ ਵਿੱਚ ਖਿਡਾਰੀ ਮੈਡਲ ਜਿੱਤ ਕੇ ਦੇਸ਼ ਅਤੇ ਪ੍ਰਦੇਸ਼ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ। ਇਸ ਦੌਰਾਨ ਕਬੱਡੀ ਟੂਰਨਾਮੈਂਟ ਦੇ ਆਯੋਜਕਾਂ ਅਤੇ ਪਿੰਡ ਵਾਸੀਆਂ ਨੇ ਕਬੱਡੀ ਖੇਡ ਲਈ ਸਿੰਥੈਟਿਕ ਟਰੈਕ ਬਣਾਏ ਜਾਣ ਦੀ ਮੰਗ ਰੱਖੀ ਜਿਸ ‘ਤੇ ਮੰਤਰੀ ਵਿਜ ਨੇ ਅਧਿਕਾਰੀਆਂ ਨਾਲ ਚਰਚਾ ਕਰਨ ਅਤੇ ਪੂਰਾ ਯਤਨ ਕਰਨ ਦਾ ਭਰੋਸਾ ਦਿੱਤਾ ਕਿ ਖਿਡਾਰੀਆਂ ਨੂੰ ਬਿਹਤਰੀਨ ਟਰੈਕ ਮਿਲੇ। ਇਸ ਮੌਕੇ ਡੀ.ਐਸ.ਓ. ਰਾਮ ਸਰੂਪ, ਨਗਰ ਪ੍ਰੀਸ਼ਦ ਪ੍ਰਧਾਨ ਸਵਰਨ ਕੌਰ, ਉਪ ਪ੍ਰਧਾਨ ਲਲਤਾ ਪ੍ਰਸਾਦ, ਮੰਡਲ ਪ੍ਰਧਾਨ ਵਿਕਾਸ ਬਹਿਗਲ, ਭਾਜਪਾ ਅਹੁਦੇਦਾਰ ਭਰਤ ਕੋਛੜ, ਰਾਮਬਾਬੂ ਯਾਦਵ, ਜਸਮੇਰ ਸਿੰਘ, ਅੰਗਰੇਜ਼ ਸਿੰਘ, ਅਮਰਿੰਦਰ ਸਿੰਘ ਪੰਜੋਖਰਾ ਸਾਹਿਬ, ਵਰਿੰਦਰ ਸਿੰਘ, ਦਿਨੇਸ਼ ਸ਼ਰਮਾ, ਹਰਪ੍ਰੀਤ ਸਿੰਘ, ਜਸਬੀਰ ਜੱਸੀ, ਸੁਦਰਸ਼ਨ ਸਹਿਗਲ, ਰਾਮ ਬਾਬੂ ਯਾਦਵ, ਆਸ਼ੀਸ਼ ਅਗਰਵਾਲ, ਰਣਧੀਰ ਪੰਜੋਖਰਾ ਸਾਹਿਬ ਦੇ ਨਾਲ-ਨਾਲ ਹੋਰ ਪਤਵੰਤੇ ਸੱਜਣ ਮੌਜੂਦ ਰਹੇ।







