ਰਾਜਪੁਰਾ, 26 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): -ਰਾਜਪੁਰਾ ਦੀ ਭੋਗਲਾ ਰੋਡ ਸਥਿਤ ਵਿਕਰਮ ਕਾਲੋਨੀ ਨੇੜੇ ਇਕ ਕਿਰਾਏ ਦੇ ਮਕਾਨ ‘ਚ ਬੀਤੀ ਦੇਰ ਰਾਤ ਤਕਰੀਬਨ 2 ਵਜੇ ਕਮਰੇ ‘ਚ ਅੱਗ ਲੱਗਣ ਕਾਰਨ ਉਥੇ ਰਹਿੰਦੇ ਪ੍ਰਵਾਸੀ ਮਜ਼ਦੂਰ ਜਗਦੀਸ਼ ਚੌਹਾਨ (65) ਉਸ ਦੀ ਪਤਨੀ ਰਾਧਾ ਦੇਵੀ (47), ਉਸ ਦੇ ਪੁੱਤਰ ਸਰਵਣ ਚੌਹਾਨ (12) ਅਤੇ ਸਾਲੇ ਲੱਲਨ (30) ਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਬਿਹਾਰ ਦੇ ਸਪੋਲ ਜ਼ਿਲੇ ਦੇ ਬੱਗੀ ਪਿੰਡ ਦਾ ਰਹਿਣ ਵਾਲਾ ਸੀ।
ਥਾਣਾ ਸਿਟੀ ਦੇ ਐੱਸ. ਐੱਚ. ਓ. ਨੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਤਕਰੀਬਨ ਦੋ-ਢਾਈ ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਭੋਗਲਾਂ ਰੋਡ ‘ਤੇ ਇਕ ਪ੍ਰਵਾਸੀ ਮਜ਼ਦੂਰ ਦੇ ਕਮਰੇ ‘ਚ ਅੱਗ ਲੱਗ ਗਈ ਹੈ, ਜਿਸ ਕਾਰਨ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਖੁਦ ਵੀ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ।
ਜਦੋਂ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਵੇਖਿਆ ਤਾਂ ਜਗਦੀਸ਼ ਚੌਹਾਨ, ਉਸ ਦੀ ਪਤਨੀ ਰਾਧਾ ਦੇਵੀ, ਪੁੱਤਰ ਸਰਵਨ ਅਤੇ ਸਾਲੇ ਲੱਲਨ ਦੀ ਅੱਗ ਨਾਲ ਬੁਰੀ ਤਰ੍ਹਾਂ ਸੜਨ ਕਾਰਨ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਾਜਪੁਰਾ ਦੇ ਏ. ਪੀ. ਜੈਨ ਸਿਵਲ ਹਸਪਤਾਲ ਪਹੁੰਚਾਇਆ।
ਮ੍ਰਿਤਕ ਦਾ ਦੂਜਾ ਬੇਟਾ ਮਿਥਲੇਸ਼ ਚੌਹਾਨ, ਜੋ ਕਿ ਕਪੂਰਥਲਾ ਵਿਖੇ ਕੰਮ ਕਰਦਾ ਸੀ, ਨੇ ਦੱਸਿਆ ਕਿ ਉਸਨੂੰ ਗੁਆਂਢੀਆਂ ਦਾ ਫੋਨ ਆਇਆ ਸੀ ਜਿਨ੍ਹਾਂ ਅਨੁਸਾਰ ਉਨ੍ਹਾਂ ਦੇ ਪਿਤਾ ਅਤੇ ਅਤੇ ਬਾਕੀ ਪਰਿਵਾਰ ਦੇ ਮੈਂਬਰ ਕਮਰੇ ‘ਚ ਸੁੱਤੇ ਹੋਏ ਸਨ, ਅਚਾਨਕ ਗੈਸ ਦੇ ਸਿਲੰਡਰ ’ਚ ਧਮਾਕਾ ਹੋਇਆ ਅਤੇ ਕਮਰੇ ‘ਚ ਅੱਗ ਲੱਗ ਗਈ।







