ਕਿਨਸ਼ਾਸਾ, 25 ਸਤੰਬਰ 2026, (ਸ਼ਹੀਦ-ਏ-ਆਜ਼ਮ ਬਿਊਰੋ) : ਅਫ਼ਰੀਕਾ ਦੀ ਤਾਂਗਾਨੀਕਾ ਝੀਲ ਵਿੱਚ ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਮੁਤਾਬਕ ਕਿਸ਼ਤੀ ਵਿੱਚ ਕਰੀਬ 100 ਯਾਤਰੀਆਂ ਅਤੇ ਸਮਾਨ ਸਵਾਰ ਸੀ। ਹਾਦਸੇ ਤੋਂ ਬਾਅਦ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ ਲਾਪਤਾ ਯਾਤਰੀਆਂ ਦੀ ਭਾਲ ਜਾਰੀ ਹੈ। ਕਿਸ਼ਤੀ ਤਨਜ਼ਾਨੀਆ ਦੇ ਕਿਗੋਮਾ ਬੰਦਰਗਾਹ ਤੋਂ ਕਾਂਗੋ ਦੇ ਕਲੇਮੀ ਸ਼ਹਿਰ ਵੱਲ ਜਾ ਰਹੀ ਸੀ ਅਤੇ ਮਾਪੇਰਾ ਪਿੰਡ ਨੇੜੇ ਪਲਟ ਗਈ। ਇੱਕ ਬਚੇ ਹੋਏ ਯਾਤਰੀ ਮੁਤਾਬਕ ਰਾਤ ਕਰੀਬ 1 ਵਜੇ ਯਾਤਰੀਆਂ ਨੂੰ ਪਤਾ ਲੱਗਾ ਕਿ ਕਿਸ਼ਤੀ ਇੱਕ ਪਾਸੇ ਝੁਕ ਰਹੀ ਹੈ। ਹਾਦਸੇ ਦਾ ਸਹੀ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਕਾਂਗੋ ਵਿੱਚ ਪਾਣੀ ਦੇ ਰਸਤਿਆਂ ’ਤੇ ਆਵਾਜਾਈ ਮਹੱਤਵਪੂਰਨ ਹੈ, ਪਰ ਪਿਛਲੇ ਸਾਲਾਂ ਵਿੱਚ ਕਿਸ਼ਤੀਆਂ ’ਤੇ ਵੱਧ ਸਵਾਰੀਆਂ ਅਤੇ ਸੁਰੱਖਿਆ ਸਾਧਨਾਂ ਦੀ ਘਾਟ ਕਾਰਨ ਕਈ ਹਾਦਸੇ ਹੋ ਚੁੱਕੇ ਹਨ।







