ਨਵੀਂ ਦਿੱਲੀ:24 ਸਤੰਬਰ (ਕਾਜਲ):ਆਯੁਸ਼ ਮੰਤਰਾਲੇ, ਭਾਰਤ ਸਰਕਾਰ ਦੇ ਅਧੀਨ ਖੁਦਮੁਖਤਿਆਰ ਸੰਸਥਾ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ (AIIA), ਨਵੀਂ ਦਿੱਲੀ ਵੱਲੋਂ ਆਪਣੇ ਕੈਂਪਸ ਵਿੱਚ 11ਵਾਂ ਆਯੁਰਵੇਦ ਦਿਵਸ-2026 ਵੱਖ-ਵੱਖ ਵਿਦਿਅਕ, ਜਾਗਰੂਕਤਾ ਅਤੇ ਜਨਸੰਪਰਕ ਗਤੀਵਿਧੀਆਂ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਵੱਲੋਂ ਮੁੱਖ ਤੌਰ ’ਤੇ ਦੋ ਪ੍ਰੋਗਰਾਮ ਕਰਵਾਏ ਗਏ।
ਸਵੇਰੇ ‘ਆਯੁਰਵੇਦ ਜਨ-ਜਾਗਰੂਕਤਾ ਰੈਲੀ’ ਕੱਢੀ ਗਈ। ਇਸ ਦਾ ਉਦੇਸ਼ ਆਯੁਰਵੇਦ ਦੇ ਸਿਧਾਂਤਾਂ ਅਤੇ ਇਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਅਤੇ ਸਿਹਤਮੰਦ ਜੀਵਨਸ਼ੈਲੀ ਤੇ ਸਮੁੱਚੀ ਸਿਹਤ ਸੰਭਾਲ ਵਿੱਚ ਆਯੁਰਵੇਦ ਦੀ ਭੂਮਿਕਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।
ਰੈਲੀ ਵਿੱਚ AIIA ਦੇ ਡਾਇਰੈਕਟਰ ਪ੍ਰੋ. (ਵੈਦ) ਪੀ.ਕੇ. ਪ੍ਰਜਾਪਤੀ ਸਮੇਤ ਸੰਸਥਾ ਦੇ ਡੀਨ, ਫੈਕਲਟੀ ਮੈਂਬਰ, ਗੈਰ-ਅਧਿਆਪਨ ਸਟਾਫ, ਪੀਐਚ.ਡੀ. ਅਤੇ ਪੋਸਟ ਗ੍ਰੈਜੂਏਟ ਖੋਜਾਰਥੀਆਂ ਅਤੇ ਹੋਰ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
‘ਵਨ ਹੈਲਥ, ਵਨ ਫਿਊਚਰ’ ’ਤੇ ਸੈਮੀਨਾਰ
ਦੁਪਹਿਰ ਸਮੇਂ ‘ਵਨ ਹੈਲਥ, ਵਨ ਫਿਊਚਰ: ਐਵੀਡੈਂਸ, ਇਨੋਵੇਸ਼ਨਜ਼ ਐਂਡ ਹੋਲਿਸਟਿਕ ਕੇਅਰ ਰਾਹੀਂ ਵਿਗਿਆਨ ਦਾ ਏਕੀਕਰਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਦਿੱਲੀ ਫਾਰਮਾਸਿਊਟੀਕਲ ਸਾਇੰਸਜ਼ ਐਂਡ ਰਿਸਰਚ ਯੂਨੀਵਰਸਿਟੀ (DPSRU) ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵਿਚੰਦਰਨ ਵੀ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਨੇ ਆਯੁਰਵੇਦ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਤਸ਼ਾਹਿਤ ਕਰਨ ਲਈ AIIA ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਆਯੁਸ਼ ਵਿਭਾਗ, ਭਾਰਤ ਸਰਕਾਰ ਦੇ ਮੈਡੀਕਲ ਅਫਸਰ ਡਾ. ਵਿਨੈ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ ਅਤੇ ਉਨ੍ਹਾਂ ਨੇ ਆਯੁਰਵੇਦਿਕ ਚਿਕਿਤਸਾ ਵਿੱਚ ਆਟੋਇਮਿਊਨ ਡਿਸਆਰਡਰਜ਼ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਿੱਤਾ।
ਆਯੁਰਵੇਦ ਨੂੰ ਵਿਸ਼ਵ ਪੱਧਰੀ ਸਿਹਤ ਚਰਚਾ ਨਾਲ ਜੋੜਨ ’ਤੇ ਜ਼ੋਰ
AIIA ਦੇ ਡਾਇਰੈਕਟਰ ਪ੍ਰੋ. (ਵੈਦ) ਪ੍ਰਦੀਪ ਕੁਮਾਰ ਪ੍ਰਜਾਪਤੀ ਨੇ ਕਿਹਾ ਕਿ ਆਯੁਰਵੇਦ ਬਾਰੇ ਜਾਗਰੂਕਤਾ ਮੁਹਿੰਮਾਂ ਵਿੱਚ ਸਮੂਹਿਕ ਭਾਗੀਦਾਰੀ ਵਧਾਉਣੀ ਜ਼ਰੂਰੀ ਹੈ। ਉਨ੍ਹਾਂ ਨੇ ਸੰਸਥਾ ਦੀਆਂ ਵੱਖ-ਵੱਖ ਜਨਸੰਪਰਕ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਆਯੁਰਵੇਦ ਨਾਲ ਜੋੜਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਦੱਸਿਆ ਕਿ ਆਯੁਰਵੇਦ ਦਿਵਸ ਦੇ ਮੌਕੇ AIIA ਦੇ ਵੱਖ-ਵੱਖ ਵਿਭਾਗਾਂ ਵੱਲੋਂ ਸੈਮੀਨਾਰ, ਮਾਹਿਰ ਲੈਕਚਰ, ਵੈਬਿਨਾਰ, ਜਨ-ਜਾਗਰੂਕਤਾ ਪ੍ਰੋਗਰਾਮ ਅਤੇ ਮਰੀਜ਼-ਕੇਂਦਰਿਤ ਗਤੀਵਿਧੀਆਂ ਕਰਵਾਈਆਂ ਗਈਆਂ।
‘ਆਯੁਰਵਾਰਤਾ’ ਟਾਕ ਸ਼ੋਅ ਦੀ ਸ਼ੁਰੂਆਤ
ਸੰਸਥਾ ਵੱਲੋਂ ਆਯੁਰਵੇਦ ਨੂੰ ਸਮਰਪਿਤ ਵਿਸ਼ੇਸ਼ ਟਾਕ ਸ਼ੋਅ ‘ਆਯੁਰਵਾਰਤਾ’ ਵੀ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ ਆਯੁਰਪ੍ਰਭਾ 2026 ਅਤੇ ਆਯੁਰਵੇਦਿਕ ਡਰਮੈਟੋਲੋਜੀ ਤੇ ਕਾਸਮੈਟੋਲੋਜੀ ਸਬੰਧੀ ਛੇ ਦਿਨਾਂ ਦੀ ਵਰਕਸ਼ਾਪ ਕਰਵਾਈ ਗਈ।
ਇਸੇ ਲੜੀ ਤਹਿਤ NTPC ਸਕੂਲ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਅੱਖਾਂ ਦੀ ਜਾਂਚ ਕੈਂਪ ਵੀ ਲਗਾਇਆ ਗਿਆ। AIIA ਵੱਲੋਂ ਆਯੁਰਵੇਦ ਅਤੇ ਸਿਹਤ ਸੰਭਾਲ ਨਾਲ ਜੁੜੀਆਂ ਹੋਰ ਕਈ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ।







