ਲੁਧਿਆਣਾ 22 ਸਤੰਬਰ 2026 (ਗੁਰਮੀਤ ਸਿੰਘ ਤੁੰਗ) : ਪਸ਼ੂ ਆਹਾਰ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪਸ਼ੂ ਪਾਲਣ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਖਣਿਜ ਮਿਸ਼ਰਣ, ਬਾਈਪਾਸ ਫੈਟ, ਯੂਰੋਮਿਨ ਲਿੱਕ, ਅਤੇ ਡੇਅਰੀ ਪ੍ਰੀਮਿਕਸ ਸਮੇਤ ਉੱਚ-ਮੰਗ ਵਾਲੇ ਉਤਪਾਦਾਂ ਤੋਂ ਲਗਭਗ ₹23.0 ਲੱਖ ਦੀ ਪ੍ਰਭਾਵਸ਼ਾਲੀ ਵਿਕਰੀ ਕੀਤੀ।ਇਸ ਨਾਲ ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨਕ ਤੌਰ ‘ਤੇ ਵਿਕਸਿਤ ਪਸ਼ੂ ਆਹਾਰ ਉਤਪਾਦਾਂ ਸੰਬੰਧੀ ਕਿਸਾਨਾਂ ਦੇ ਮਜ਼ਬੂਤ ਭਰੋਸੇ ਦਾ ਪਤਾ ਲੱਗਦਾ ਹੈ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਿਸਾਨ ਕੇਂਦਰਿਤ ਸੇਵਾਵਾਂ, ਫੀਡ ਦੀ ਬਿਹਤਰ ਗੁਣਵੱਤਾ, ਉੱਚ ਪਸ਼ੂਉਤਪਾਦਕਤਾ, ਕਿਸਾਨਾਂ ਦੀ ਕਮਾਈ ਵਿੱਚ ਵਾਧਾ ਅਤੇ ਪੰਜਾਬ ਵਿੱਚ ਟਿਕਾਊ ਪਸ਼ੂਧਨ ਵਿਕਾਸ ਲਈ ਯਤਨ ਬਹੁਤ ਜ਼ਰੂਰੀ ਹਨ। ਵੈਟਨਰੀ ਯੂਨੀਵਰਸਿਟੀ ਦੀ ਪ੍ਰਭਾਵਸ਼ਾਲੀ ਭਾਗੀਦਾਰੀ ਨੇ ਇੱਕ ਵਾਰ ਫਿਰ ਕਿਸਾਨ ਭਾਈਚਾਰੇ ਲਈ ਵਿਹਾਰਕ ਲਾਭਾਂ ਦੇ ਨਾਲ ਉੱਨਤ ਵਿਗਿਆਨ ਨੂੰ ਜੋੜਨ ਲਈ ਆਪਣੀ ਵਚਨਬੱਧਤਾ ਨੂੰ ਉਜਾਗਰ ਕੀਤਾ ਹੈ ।
ਡਾ: ਜਸਪਾਲ ਸਿੰਘ ਹੁੰਦਲ, ਮੁਖੀ, ਪਸ਼ੂ ਆਹਾਰ ਵਿਭਾਗ ਨੇ ਦੱਸਿਆ ਕਿ ਮੇਲੇ ਵਿੱਚ ਮੁੱਖ ਆਕਰਸ਼ਨ ਫੀਡ ਅਤੇ ਚਾਰੇ ਦੇ ਨਮੂਨਿਆਂ ਦੀ ਮੁਫ਼ਤ ਜਾਂਚ ਸੇਵਾ ਸੀ, ਜਿਸ ਨੇ ਸੈਂਕੜੇ ਪਸ਼ੂ ਪਾਲਕਾਂ ਨੂੰ ਆਪਣੇ ਵੱਲ ਖਿੱਚਿਆ। ਉਨ੍ਹਾਂ ਨੇ ਪੌਸ਼ਟਿਕ ਕਮੀਆਂ ਨੂੰ ਦੂਰ ਕਰਨ, ਪਸ਼ੂਆਂ ਦੀ ਸਿਹਤ ਨੂੰ ਹੁਲਾਰਾ ਦੇਣ ਅਤੇ ਦੁੱਧ ਉਤਪਾਦਨ ਅਤੇ ਮੁਨਾਫੇ ਨੂੰ ਵਧਾਉਣ ਲਈਫੀਡ ਦੀ ਗੁਣਵੱਤਾ ਅਤੇ ਸੰਤੁਲਿਤ ਰਾਸ਼ਨ ਬਣਾਉਣ ਬਾਰੇ ਮਾਹਰ ਮਾਰਗਦਰਸ਼ਨ ਪ੍ਰਾਪਤ ਕੀਤਾ। ਕਿਸਾਨਾਂ ਨੇ ਇਸ ਪਹਿਲਕਦਮੀ ਨੂੰ ਲਾਭਦਾਇਕ ਡੇਅਰੀ ਫਾਰਮਿੰਗ ਲਈ ਬਹੁਤ ਮਹੱਤਵਪੂਰਨ ਦੱਸਿਆ। ਡਾ: ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਵੀ ਇਸ ਪ੍ਰਾਪਤੀ ਲਈ ਵਿਭਗ ਦੇ ਯਤਨਾਂ ਦੀ ਸ਼ਲਾਘਾ ਕੀਤੀ।







