ਚੰਡੀਗੜ੍ਹ, 21 ਸਤੰਬਰ (ਜਗਜੀਤ ਸਿੰਘ): ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਰਿਹਾਇਸ਼ ਵਿਖੇ ਇੱਕ ਡੂੰਘੀ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਜਾਲ ਵਿੱਚ ਫਸਾਇਆ ਗਿਆ ਸੀ, ਜਿੱਥੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਲੱਡੂ ਖੁਆਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ‘ਸਕੱਤਰੇਤ ਤੋਂ ਸਤੌਜ’ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਕਾਰਗਿਲ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਮਨਦੀਪ ਸਿੰਘ ਨਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜ੍ਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਮੁਲਾਜ਼ਮਾਂ ਨੂੰ 8 ਫੀਸਦੀ ਮਹਿੰਗਾਈ ਭੱਤਾ (DA) ਦੇਣ ਦਾ ਫੈਸਲਾ ਹੋਇਆ, ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਕੋਲ ਬੁਲਾਇਆ ਗਿਆ ਅਤੇ ਲੱਡੂ ਖੁਆਇਆ ਗਿਆ, ਨਾਲ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਵੀ ਲੱਡੂ ਖੁਆਉਣ ਲਈ ਕਿਹਾ ਗਿਆ।
ਖਹਿਰਾ ਨੇ ਦੋਸ਼ ਲਾਇਆ ਕਿ ਇਹ ਸਭ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਤਸਵੀਰਾਂ ਖਿੱਚਣ ਲਈ ਕੀਤਾ ਗਿਆ ਸੀ, ਤਾਂ ਜੋ ਆਪਣੇ ਹੱਕਾਂ ਲਈ ਡਟੇ ਮੁਲਾਜ਼ਮਾਂ ਦੇ ਹੌਸਲੇ ਅਤੇ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ। ਉਨ੍ਹਾਂ ਸਾਫ਼ ਕੀਤਾ ਕਿ ਉਹ ਭਵਿੱਖ ਵਿੱਚ ਸਰਕਾਰ ਨਾਲ ਹੋਣ ਵਾਲੀ ਕਿਸੇ ਵੀ ਬੈਠਕ ਵਿੱਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਨੇ ਸਰਕਾਰ ਨਾਲ ਗੱਲਬਾਤ ਲਈ ਆਪਣੇ ਹੋਰਨਾਂ ਸਾਥੀਆਂ ਦੇ ਨਾਂ ਤੈਅ ਕੀਤੇ ਹਨ। ਖਹਿਰਾ ਨੇ ਵਚਨਬੱਧਤਾ ਦੁਹਰਾਈ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਤੱਕ ‘ਸਕੱਤਰੇਤ ਤੋਂ ਸਤੌਜ’ ਅੰਦੋਲਨ ਪੂਰੇ ਜੋਸ਼ ਨਾਲ ਜਾਰੀ ਰਹੇਗਾ।






