ਫਤਿਹਗੜ੍ਹ ਸਾਹਿਬ, 19 ਸਤੰਬਰ 2026 (ਛਤਰਪਾਲ ਸਿੰਘ) : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾਸ਼ਨੀਵਾਰ ਨੂੰ ਫਤਿਹਗੜ੍ਹ ਸਾਹਿਬ ਪਹੁੰਚੀ। ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਲੋਕਾਂ ਨੂੰ ਨਸ਼ਿਆਂ ਦੀ ਸਮੱਸਿਆ ਨਾਲ ਮਿਲ ਕੇ ਲੜਨ ਦੀ ਤਾਕਤ ਦੇਣ ਲਈ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਖਾ ਗੁਪਤਾ ਨੇ ਕਿਹਾ ਕਿ ਪੰਜਾਬ ਅਤੇ ਇਸਦੇ ਨੌਜਵਾਨਾਂ ਦੀ ਸੁਰੱਖਿਆ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪੰਜਾਬ ਦੀ ਲੜਾਈ ਵਿੱਚ “ਪੂਰਾ ਦੇਸ਼ ਪੰਜਾਬ ਦੇ ਨਾਲ ਹੈ” ਅਤੇ ਦਿੱਲੀ ਵੀ ਪੰਜਾਬ ਦੇ ਨਾਲ ਖੜ੍ਹੀ ਹੈ।
‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਦੂਜੇ ਦਿਨ ਸ਼ਮੂਲੀਅਤ: ਰੇਖਾ ਗੁਪਤਾ ਦਾ ਇਹ ਦੌਰਾ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨਾਲ ਜੁੜਿਆ ਹੋਇਆ ਹੈ। ਪਾਰਟੀ ਦੇ ਪ੍ਰੋਗਰਾਮ ਮੁਤਾਬਕ 19 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਯਾਤਰਾ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ। ਇਸ ਮੁਹਿੰਮ ਦਾ ਕੇਂਦਰ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਲੋਕਾਂ ਨਾਲ ਸੰਪਰਕ ਵਧਾਉਣਾ ਹੈ। ਇਸ ਮੌਕੇ ਰੇਖਾ ਗੁਪਤਾ ਦੇ ਨਾਲ ਪੰਜਾਬ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵੀ ਮੌਜੂਦ ਸਨ।
ਚਾਰ ਪੜਾਵਾਂ ਵਿੱਚ ਚੱਲ ਰਹੀ ਮੁਹਿੰਮ: ਭਾਜਪਾ ਦੇ ਤੈਅ ਪ੍ਰੋਗਰਾਮ ਅਨੁਸਾਰ ਯਾਤਰਾ 18 ਸਤੰਬਰ ਨੂੰ ਪਠਾਨਕੋਟਤੋਂ ਸ਼ੁਰੂ ਹੋਈ, 19 ਸਤੰਬਰ ਨੂੰ ਫਤਿਹਗੜ੍ਹ ਸਾਹਿਬ, 20 ਸਤੰਬਰ ਨੂੰ ਫਾਜ਼ਿਲਕਾ ਅਤੇ 21 ਸਤੰਬਰ ਨੂੰ ਬਠਿੰਡਾ ਵਿੱਚ ਇਸ ਦੇ ਅਗਲੇ ਪੜਾਅ ਰੱਖੇ ਗਏ ਹਨ। ਇਨ੍ਹਾਂ ਪੜਾਵਾਂ ਵਿੱਚ ਪਾਰਟੀ ਦੇ ਕੌਮੀ ਅਤੇ ਕੇਂਦਰੀ ਆਗੂ ਸ਼ਾਮਲ ਹੋ ਰਹੇ ਹਨ। ਰਿਪੋਰਟਾਂ ਮੁਤਾਬਕ ਇਸ ਤੋਂ ਇਲਾਵਾ ਭਾਜਪਾ ਵੱਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੱਕ ਪਹੁੰਚਣ ਲਈ ਵੱਡੀ ਪੱਧਰ ’ਤੇ ਨਸ਼ਾ ਵਿਰੋਧੀ ਯਾਤਰਾ ਦਾ ਪ੍ਰੋਗਰਾਮ ਵੀ ਤਿਆਰ ਕੀਤਾ ਗਿਆ ਹੈ। ਇਹ ਮੁਹਿੰਮ ਸਤੰਬਰ ਦੇ ਅੰਤ ਤੱਕ ਚੱਲਣੀ ਹੈ।







