ਹੁਸ਼ਿਆਰਪੁਰ, 19 ਸਤੰਬਰ, 2026 (ਸ਼ਹੀਦ-ਏ-ਆਜ਼ਮ ਬਿਊਰੋ) : ਹੁਸ਼ਿਆਰਪੁਰ ਦੀ ਫਾਸਟ-ਟ੍ਰੈਕ ਵਿਸ਼ੇਸ਼ ਪੋਕਸੋ ਅਦਾਲਤ ਨੇ 5 ਸਾਲਾ ਬੱਚੇ ਨਾਲ ਜਿਨਸੀ ਹਿੰਸਾ ਅਤੇ ਉਸਦੇ ਕਤਲ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੰਕੇ ਯਾਦਵ ਉਰਫ਼ ਰਾਧੇ ਸ਼ਿਆਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਾਮਲੇ ਨੂੰ ‘ਰੇਅਰੇਸਟ ਆਫ਼ ਰੇਅਰ’ ਸ਼੍ਰੇਣੀ ਦਾ ਮੰਨਿਆ।
9 ਸਤੰਬਰ 2025 ਨੂੰ ਲਾਪਤਾ ਹੋਇਆ ਸੀ ਬੱਚਾ: ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ 9 ਸਤੰਬਰ 2025 ਨੂੰ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਇਲਾਕੇ ਵਿੱਚ ਘਰ ਦੇ ਬਾਹਰ ਖੇਡ ਰਿਹਾ ਸੀ। ਦੋਸ਼ੀ ਨੇ ਕਥਿਤ ਤੌਰ ’ਤੇ ਉਸਨੂੰ ਖਿਡੌਣਾ ਦੋਪਹੀਆ ਵਾਹਨ ਚਲਾਉਣ ਵਿੱਚ ਮਦਦ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ। ਅਗਲੇ ਦਿਨ ਬੱਚੇ ਦੀ ਲਾਸ਼ ਪੁਰਹੀਰਣ ਸਥਿਤ ਸ਼ਮਸ਼ਾਨਘਾਟ ਦੇ ਨੇੜੇ ਤੋਂ ਬਰਾਮਦ ਹੋਈ। ਪੁਲਿਸ ਨੇ ਬੱਚੇ ਦੇ ਪਿਤਾ ਦੇ ਬਿਆਨ ’ਤੇ 10 ਸਤੰਬਰ 2025 ਨੂੰ ਮਾਮਲਾ ਦਰਜ ਕੀਤਾ ਅਤੇ ਦੋਸ਼ੀ ਨੂੰ ਐਫ ਆਈ ਆਰ ਦਰਜ ਹੋਣ ਤੋਂ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਸੀ।
ਪੋਕਸੋ ਅਤੇ ਬੀਐਨਐਸ ਤਹਿਤ ਦੋਸ਼ ਸਾਬਤ: ਅਦਾਲਤ ਨੇ 15 ਸਤੰਬਰ 2026 ਨੂੰ ਨੰਕੇ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ 18 ਸਤੰਬਰ ਨੂੰ ਸਜ਼ਾ ਸੁਣਾਈ। ਉਸਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ ) ਦੀ ਧਾਰਾ 103 ਅਤੇ ਪੋਕਸੋ ਐਕਟ ਦੀ ਧਾਰਾ 6 ਸਮੇਤ ਹੋਰ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ ਗਿਆ। ਰਿਪੋਰਟਾਂ ਮੁਤਾਬਕ ਅਦਾਲਤ ਨੇ ਬੀਐਨਐਸ ਦੀਆਂ ਹੋਰ ਧਾਰਾਵਾਂ ਅਤੇ ਪੋਕਸੋ ਦੀ ਧਾਰਾ 10 ਤਹਿਤ ਵੀ ਸਜ਼ਾਵਾਂ ਸੁਣਾਈਆਂ ਹਨ। ਇਨ੍ਹਾਂ ਵਿੱਚ 10 ਸਾਲ, 7 ਸਾਲ, 20 ਸਾਲ ਅਤੇ 5 ਸਾਲ ਦੀ ਕੈਦ ਸ਼ਾਮਲ ਹੈ, ਜੋ ਇਕੱਠੇ ਚੱਲਣੀਆਂ ਹਨ। ਹਰ ਸੰਬੰਧਿਤ ਧਾਰਾ ਤਹਿਤ ₹5,000 ਜੁਰਮਾਨਾ ਵੀ ਲਾਇਆ ਗਯਾ ਹੈ।
ਮਾਪਿਆਂ ਨੂੰ ₹5 ਲੱਖ ਮੁਆਵਜ਼ਾ: ਅਦਾਲਤ ਨੇ ਮ੍ਰਿਤਕ ਬੱਚੇ ਦੇ ਮਾਪਿਆਂ ਨੂੰ ਪੰਜਾਬ “ਪੀੜਤ ਜਾਂ ਉਨ੍ਹਾਂ ਦੇ ਆਸ਼ਰਿਤਾਂ ਲਈ ਮੁਆਵਜ਼ਾ ਯੋਜਨਾ”2011 ਤਹਿਤ ₹5 ਲੱਖ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਹੈ।
ਮੌਤ ਦੀ ਸਜ਼ਾ ਦੀ ਹਾਲੇ ਪੁਸ਼ਟੀ ਬਾਕੀ: ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਇਸ ਨੂੰ ਤੁਰੰਤ ਲਾਗੂ ਨਹੀਂ ਕੀਤਾ ਜਾ ਸਕਦਾ। ਮੌਤ ਦੀ ਸਜ਼ਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪੁਸ਼ਟੀ ਲਾਜ਼ਮੀ ਹੈ। ਦੋਸ਼ੀ ਨੂੰ ਫੈਸਲੇ ਅਤੇ ਸਜ਼ਾ ਖ਼ਿਲਾਫ਼ ਅਪੀਲ ਕਰਨ ਦਾ ਕਾਨੂੰਨੀ ਹੱਕ ਵੀ ਹੈ। ਇਹ ਫੈਸਲਾ ਪੋਕਸੋ ਮਾਮਲਿਆਂ ਵਿੱਚ ਤੇਜ਼ੀ ਨਾਲ ਸੁਣਵਾਈ ਦੀ ਮਹੱਤਤਾ ਨੂੰ ਵੀ ਉਜਾਗਰ ਕਰਦਾ ਹੈ। ਰਿਪੋਰਟਾਂ ਅਨੁਸਾਰ ਫੈਸਲਾ ਪੋਕਸੋ ਐਕਟ ਦੀ ਧਾਰਾ 35 ਵਿੱਚ ਦਰਜ ਇੱਕ ਸਾਲ ਅੰਦਰ ਟ੍ਰਾਇਲ ਪੂਰਾ ਕਰਨ ਦੀ ਕੋਸ਼ਿਸ਼ ਵਾਲੀ ਸਮਾਂ-ਸੀਮਾ ਦੇ ਬਿਲਕੁਲ ਨੇੜੇ ਸੁਣਾਇਆ ਗਿਆ।







