ਪਟਿਆਲਾ, 17 ਸਤੰਬਰ, 2026 (ਬਲਜੀਤ ਸਰਨਾਂ) : ਪੰਜਾਬ ਸਰਕਾਰ ਵੱਲੋਂ ਮਰਿਆਦਾ ਪੁਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਅਤੇ ਆਦਰਸ਼ਾਂ ’ਤੇ ਆਧਾਰਿਤ ‘ਹਮਾਰੇ ਰਾਮ’ ਸ਼ੋਅ ਪਟਿਆਲਾ ਵਿੱਚ ਲੋਕਾਂ ਨੂੰ ਮੁਫ਼ਤ ਦਿਖਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ। ਦੀਪਕ ਬਾਲੀ ਅਤੇ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ‘ਹਮਾਰੇ ਰਾਮ’ ਤਹਿਤ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਨਾਲ ਸਬੰਧਤ ਵੱਖ-ਵੱਖ ਸ਼ੋਅ ਪਟਿਆਲਾ ਵਿੱਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਲੋਕਾਂ ਨੂੰ ਸ੍ਰੀ ਰਾਮ ਜੀ ਦੇ ਜੀਵਨ, ਉਨ੍ਹਾਂ ਦੇ ਆਦਰਸ਼ਾਂ ਅਤੇ ਮਰਿਆਦਾ ਨਾਲ ਜੋੜਨ ਦੇ ਉਦੇਸ਼ ਨਾਲ ਪੇਸ਼ ਕੀਤਾ ਜਾਵੇਗਾ।
ਉਨ੍ਹਾਂ ਮੁਤਾਬਕ ਇਸ ਸ਼ੋਅ ਦੀ ਟਿਕਟ ਦੀ ਕੀਮਤ ਆਮ ਤੌਰ ’ਤੇ ਕਰੀਬ 10 ਹਜ਼ਾਰ ਰੁਪਏ ਦੱਸੀ ਜਾਂਦੀ ਹੈ, ਪਰ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਪਹੁੰਚ ਨੂੰ ਧਿਆਨ ਵਿੱਚ ਰੱਖਦਿਆਂ ਪਟਿਆਲਾ ਵਿੱਚ ਇਹ ਸ਼ੋਅ ਮੁਫ਼ਤ ਦਿਖਾਉਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਸਰਕਾਰ ਦਾ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਿਸ਼ੇਸ਼ ਪੇਸ਼ਕਾਰੀ ਨਾਲ ਜੋੜਨਾ ਹੈ, ਤਾਂ ਜੋ ਉਹ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਨਾਲ ਜੁੜੇ ਪ੍ਰਸੰਗਾਂ ਨੂੰ ਇੱਕ ਵਿਸ਼ੇਸ਼ ਸੱਭਿਆਚਾਰਕ ਪੇਸ਼ਕਾਰੀ ਰਾਹੀਂ ਦੇਖ ਸਕਣ। ਸਰਕਾਰ ਵੱਲੋਂ ਸ਼ੋਅ ਦੀਆਂ ਤਰੀਕਾਂ, ਸਥਾਨ ਅਤੇ ਦਰਸ਼ਕਾਂ ਲਈ ਐਂਟਰੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਅਗਲੇ ਪੜਾਅ ਵਿੱਚ ਜਾਰੀ ਕੀਤੇ ਜਾਣ ਦੀ ਉਮੀਦ ਹੈ।







