ਐਂਟੀ-ਸਮੋਗ ਗਨ ਨਾਲ ਪ੍ਰਦੂਸ਼ਣ ‘ਤੇ ਕਾਬੂ
ਪਟਿਆਲਾ, 24 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪਟਿਆਲਾ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਨਗਰ ਨਿਗਮ ਵੱਲੋਂ ਐਂਟੀ-ਸਮੋਗ ਗਨ ਦੀ ਮੁੜ ਸ਼ੁਰੂਆਤ ਕੀਤੀ ਗਈ ਹੈ। ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਐਂਟੀ-ਸਮੋਗ ਗਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਹੋਰ ਸਾਫ਼-ਸੁਥਰਾ ਤੇ ਸਿਹਤਮੰਦ ਬਣਾਉਣ ਲਈ ਢਿੱਲ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸੈਂਟਰੀ ਇੰਸਪੈਕਟਰ ਮੋਹਿਤ ਜਿੰਦਲ ਅਤੇ ਨਿਗਮ ਟੀਮ ਤੋਂ ਇਲਾਵਾ ਵੀ ਉਨ੍ਹਾਂ ਨਾਲ ਮੌਜੂਦ ਰਹੇ।

ਮੇਅਰ ਗੋਗੀਆ ਨੇ ਦੱਸਿਆ ਕਿ ਇਹ ਮਸ਼ੀਨ ਪ੍ਰਦੂਸ਼ਣ ਕੰਟਰੋਲ ਕਰਨ, ਵਾਤਾਵਰਨ ਨੂੰ ਸਾਫ ਰੱਖਣ, ਸੜਕਾਂ ਨੂੰ ਠੰਡਾ ਰੱਖਣ ਲਈ ਅਤੇ ਲੋਕਾਂ ਨੂੰ ਚੰਗਾ ਇਨਵਾਇਰਮੈਂਟ ਦੇਣ ਲਈ ਅਹਿਮ ਰੋਲ ਅਦਾ ਕਰੇਗੀ। ਇਸ ਦੇ ਨਾਲ ਹੀ ਐਂਟੀ-ਸਮੋਗ ਗਨ ਹਵਾ ਵਿੱਚ ਮੌਜੂਦ ਪੀ ਐਮ 25 ਅਤੇ ਪੀ ਐਮ 10 ਵਰਗੇ ਹਾਨੀਕਾਰਕ ਕਣਾਂ ਨੂੰ ਤੁਰੰਤ ਘਟਾਉਣ ਵਿੱਚ ਕਾਰਗਰ ਸਾਬਤ ਹੋਵੇਗੀ। ਇਹ ਮਸ਼ੀਨ ਪਾਣੀ ਦੀ ਬਰੀਕ ਧੁੰਦ ਛਿੜਕ ਕੇ ਹਵਾ ਵਿੱਚ ਮੌਜੂਦ ਧੂੜ ਅਤੇ ਹੋਰ ਕਣਾਂ ਨੂੰ ਫੜਦੀ ਹੈ ਅਤੇ ਉਨ੍ਹਾਂ ਨੂੰ ਜ਼ਮੀਨ ‘ਤੇ ਬਿਠਾ ਦਿੰਦੀ ਹੈ। ਇਸ ਨਾਲ ਲੋਕਾਂ ਨੂੰ ਸੁੱਥਰੀ ਹਵਾ ਮਿਲੇਗੀ ਅਤੇ ਸਾਹ ਸੰਬੰਧੀ ਬਿਮਾਰੀਆਂ ਦੇ ਖ਼ਤਰੇ ਵੀ ਘਟਣਗੇ।
ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਖੇਤਰਾਂ, ਉਸਾਰੀ ਸਥਾਨਾਂ ਅਤੇ ਹੋਰ ਧੂੜ ਵਾਲੇ ਇਲਾਕਿਆਂ ਵਿੱਚ ਇਹ ਤਕਨਾਲੋਜੀ ਕਾਫ਼ੀ ਫਾਇਦਾਮੰਦ ਰਹੇਗੀ। ਨਗਰ ਨਿਗਮ ਦੀ ਇਹ ਕੋਸ਼ਿਸ਼ ਪ੍ਰਦੂਸ਼ਣ ਨਿਯੰਤਰਣ ਦੇ ਨਾਲ ਨਾਲ ਵਾਤਾਵਰਣ ਦੀ ਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ।
ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਸਾਫ਼ ਰੱਖਣ ਵਿੱਚ ਨਗਰ ਨਿਗਮ ਦਾ ਸਾਥ ਦੇਣ। ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਹੋਰ ਵੀ ਤਕਨੀਕੀ ਤਰੀਕੇ ਲਾਗੂ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਪਟਿਆਲਾ ਸ਼ਹਿਰ ਪ੍ਰਦੂਸ਼ਣ-ਮੁਕਤ ਬਣ ਸਕੇ।
ਸੈਂਟਰੀ ਇੰਸਪੈਕਟਰ ਨੇ ਵੀ ਕਿਹਾ ਕਿ ਇਹ ਮਸ਼ੀਨ ਨਾ ਸਿਰਫ਼ ਸ਼ਹਿਰ ਦੇ ਬਾਜ਼ਾਰਾਂ ਅਤੇ ਭੀੜ ਵਾਲੀਆਂ ਸੜਕਾਂ ‘ਤੇ ਵਰਤੀ ਜਾਵੇਗੀ, ਬਲਕਿ ਉਹਨਾਂ ਇਲਾਕਿਆਂ ਵਿੱਚ ਵੀ ਚਲਾਈ ਜਾਵੇਗੀ ਜਿੱਥੇ ਧੂੜ ਅਤੇ ਧੂੰਏਂ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ।







