ਵਾਸ਼ਿੰਗਟਨ, 14 ਸਤੰਬਰ, 2026 (ਹਰਸ਼ਪ੍ਰੀਤ ਕੌਰ) : AI ਦੇ ਵਿਕਾਸ ਦੀ ਰਫ਼ਤਾਰ ਨੂੰ ਲੈ ਕੇ ਟੈਕ ਉਦਯੋਗ ਵਿੱਚ ਚੱਲ ਰਹੀ ਬਹਿਸ ਦਰਮਿਆਨ Microsoft ਦੇ CEO ਸਤਿਆ ਨਡੇਲਾ ਨੇ AI ਸਿਸਟਮਾਂ ਵਿੱਚ ‘Embedded Evaluators’ ਵਰਗੇ ਸੁਰੱਖਿਆ ਤੰਤਰ ਸ਼ਾਮਲ ਕਰਨ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੇ ਉੱਨਤ AI ਸਿਸਟਮ ਮਨੁੱਖੀ ਨਿਗਰਾਨੀ ਅਤੇ ਕੰਟਰੋਲ ਹੇਠ ਰਹਿਣੇ ਚਾਹੀਦੇ ਹਨ। ਨਡੇਲਾ ਨੇ ਕਿਹਾ ਕਿ ਜੇਕਰ AI ਮਨੁੱਖਤਾ ਲਈ ਲਾਭਦਾਇਕ ਨਹੀਂ ਅਤੇ ਮਨੁੱਖੀ ਕੰਟਰੋਲ ਵਿੱਚ ਨਹੀਂ ਰਹਿੰਦਾ ਤਾਂ ‘ਸੁਪਰਇੰਟੈਲੀਜੈਂਸ’ ਵੱਲ ਵਧਣ ਦਾ ਕੋਈ ਮਤਲਬ ਨਹੀਂ। ਉਨ੍ਹਾਂ ਨਾਲ ਹੀ AI ਦੇ ਲਾਭਾਂ ਨੂੰ ਵੱਧ ਤੋਂ ਵੱਧ ਦੇਸ਼ਾਂ, ਸਮਾਜਾਂ ਅਤੇ ਕੰਪਨੀਆਂ ਤੱਕ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਮੁਤਾਬਕ ਕੰਪਨੀਆਂ ਨੂੰ ਆਪਣੇ ਡਾਟਾ, ਗਿਆਨ ਅਤੇ AI ਮਾਡਲਾਂ ’ਤੇ ਖੁਦ ਦਾ ਕੰਟਰੋਲ ਬਣਾਈ ਰੱਖਣ ਦੇ ਯੋਗ ਹੋਣਾ ਚਾਹੀਦਾ ਹੈ। ਨਡੇਲਾ ਨੇ AI ਸੁਰੱਖਿਆ ਲਈ ਖੋਜ, ਸਾਵਧਾਨੀ ਨਾਲ ਤੈਅ ਕੀਤੀ ਵਿਕਾਸ ਰਫ਼ਤਾਰ ਅਤੇ ਲਗਾਤਾਰ ਮੁਲਾਂਕਣ ਨੂੰ ਮਹੱਤਵਪੂਰਨ ਦੱਸਿਆ। ਇਹ ਬਹਿਸ Anthropic ਦੇ CEO Dario Amodei ਵੱਲੋਂ AI ਵਿਕਾਸ ਨੂੰ ਕੁਝ ਹੌਲਾ ਕਰਨ ਅਤੇ ਸੁਰੱਖਿਆ ਮਾਪਦੰਡ ਮਜ਼ਬੂਤ ਕਰਨ ਦੀ ਅਪੀਲ ਤੋਂ ਬਾਅਦ ਹੋਰ ਤੇਜ਼ ਹੋਈ ਹੈ। OpenAI ਦੇ Sam Altman, Tesla ਦੇ Elon Musk ਅਤੇ Google ਦੇ Demis Hassabis ਵੀ AI ਦੇ ਸੁਰੱਖਿਅਤ ਅਤੇ ਜ਼ਿੰਮੇਵਾਰ ਵਿਕਾਸ ਦੀ ਲੋੜ ’ਤੇ ਜ਼ੋਰ ਦੇ ਚੁੱਕੇ ਹਨ। Amodei ਨੇ AI ਦੇ ਸੰਭਾਵਿਤ ਖਤਰਿਆਂ ਵਿੱਚ ਸਿਸਟਮਾਂ ’ਤੇ ਕੰਟਰੋਲ ਖੋਹਣ, ਸਾਈਬਰ ਹਮਲਿਆਂ, ਜੈਵਿਕ ਖਤਰਿਆਂ ਅਤੇ ਵੱਡੇ ਆਰਥਿਕ ਪ੍ਰਭਾਵਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ AI ਕੰਪਨੀਆਂ ਲਈ ਸੁਤੰਤਰ ਮੁਲਾਂਕਣਕਾਰਾਂ, ਸਾਂਝੇ ਸੁਰੱਖਿਆ ਮਾਪਦੰਡਾਂ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਵਕਾਲਤ ਕੀਤੀ ਹੈ। AI ਉਦਯੋਗ ਵਿੱਚ ਇਹ ਚਰਚਾ ਉਸ ਸਮੇਂ ਹੋਰ ਗੰਭੀਰ ਹੋ ਗਈ ਹੈ ਜਦੋਂ AI ਖੋਜਕਰਤਾਵਾਂ ਵੱਲੋਂ ਅਜਿਹੇ ਸਿਸਟਮਾਂ ਦੇ ਭਵਿੱਖੀ ਖਤਰਿਆਂ ਬਾਰੇ ਚਿੰਤਾਵਾਂ ਜਨਤਕ ਤੌਰ ’ਤੇ ਸਾਹਮਣੇ ਆ ਰਹੀਆਂ ਹਨ।







