ਚੰਡੀਗੜ੍ਹ, 10 ਸਤੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਬਜਟ ਐਲਾਨ ਵਿੱਚ ਪ੍ਰੋਤਸਾਹਨਾਂ ਦੀ ਵੰਡ ਵਿੱਚ ਪਾਰਦਰਸ਼ਤਾ ਅਤੇ ਸਮਾਂਬੱਧਤਾ ਤਹਿਤ, ਐੱਮ.ਐੱਸ.ਐੱਮ.ਈ. ਡਾਇਰੈਕਟੋਰੇਟ ਅਤੇ ਉਦਯੋਗ ਤੇ ਵਣਜ ਡਾਇਰੈਕਟੋਰੇਟ ਦੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ 670 ਲਾਭਪਾਤਰੀਆਂ ਨੂੰ ਕੁੱਲ 311 ਕਰੋੜ 25 ਲੱਖ ਰੁਪਏ ਦੀ ਪਹਿਲੀ ਪ੍ਰੋਤਸਾਹਨ ਰਾਸ਼ੀ ਈ-ਕੁਬੇਰ (ਕੋਸ਼ਾਗਾਰ) ਰਾਹੀਂ ਜਾਰੀ ਕੀਤੀ ਗਈ।
ਮੁੱਖ ਮੰਤਰੀ ਨੇ ਵੀਰਵਾਰ ਨੂੰ ਹਰਿਆਣਾ ਨਿਵਾਸ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਜਟ ਪੇਸ਼ ਕਰਦੇ ਸਮੇਂ ਇਹ ਐਲਾਨ ਕੀਤਾ ਗਿਆ ਸੀ ਕਿ ਇਨਵੈਸਟ ਹਰਿਆਣਾ ਪੋਰਟਲ ‘ਤੇ ਅਰਜ਼ੀ ਜਮ੍ਹਾਂ ਕਰਾਉਣ ਅਤੇ ਜ਼ਰੂਰੀ ਜਾਂਚ ਪੂਰੀ ਹੋਣ ਤੋਂ ਬਾਅਦ ਯੋਗ ਪ੍ਰੋਤਸਾਹਨ ਰਾਸ਼ੀ ਦਾ 50 ਫੀਸਦੀ 7 ਕਾਰਜਕਾਰੀ ਦਿਨਾਂ ਦੇ ਅੰਦਰ ਅਗਾਊਂ ਰੂਪ ਵਿੱਚ ਜਾਰੀ ਕੀਤਾ ਜਾਵੇਗਾ। ਬਾਕੀ 50 ਫੀਸਦੀ ਯੋਗ ਪ੍ਰੋਤਸਾਹਨ ਰਾਸ਼ੀ ਅਰਜ਼ੀ ਦੀ ਵਿਸਤ੍ਰਿਤ ਜਾਂਚ ਪੂਰੀ ਹੋਣ ਤੋਂ ਬਾਅਦ 45 ਕੰਮ ਵਾਲੇ ਦਿਨਾਂ ਦੇ ਅੰਦਰ ਜਾਰੀ ਕੀਤੀ ਜਾਵੇਗੀ। ਇਸ ਵਚਨਬੱਧਤਾ ਨੂੰ ਦੁਹਰਾਉਂਦਿਆਂ ਸੂਬਾ ਸਰਕਾਰ ਪ੍ਰੋਤਸਾਹਨਾਂ ਦੀ ਸਮਾਂਬੱਧ ਵੰਡ, ਉਦਮੀਆਂ ਨੂੰ ਹਰ ਸੰਭਵ ਸਹਿਯੋਗ ਪ੍ਰਦਾਨ ਕਰਨ ਅਤੇ ਹਰਿਆਣਾ ਵਿੱਚ ਐੱਮ.ਐੱਸ.ਐੱਮ.ਈ. ਖੇਤਰ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਚਨਬੱਧਤਾ ਮੁਤਾਬਕ ਪ੍ਰੋਤਸਾਹਨਾਂ ਦਾ ਸਮੇਂ ਸਿਰ ਜਾਰੀ ਹੋਣਾ ਉਦਯੋਗਾਂ ਲਈ ਬਹੁਤ ਮਹੱਤਵਪੂਰਨ ਹੈ।
ਹਰਿਆਣਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ, ਰੁਜ਼ਗਾਰ ਪੈਦਾ ਕਰਨ ਅਤੇ ਸੂਬੇ ਦੇ ਲੋਕਾਂ ਲਈ ਮੌਕੇ ਪੈਦਾ ਕਰਨ ਵਿੱਚ ਸੂਖਮ, ਲਘੂ ਅਤੇ ਮੱਧਮ ਉਦਯੋਗਾਂ (ਐੱਮ.ਐੱਸ.ਐੱਮ.ਈ.), ਮੇਗਾ ਅਤੇ ਵੱਡੇ ਉਦਯੋਗਾਂ ਦੀ ਅਹਿਮ ਭੂਮਿਕਾ ਹੈ। ਅੱਜ ਜਾਰੀ ਕੀਤੀ ਗਈ ਪ੍ਰੋਤਸਾਹਨ ਰਾਸ਼ੀ ਵਿੱਚ ਐੱਮ.ਐੱਸ.ਐੱਮ.ਈ. ਵਿਭਾਗ ਦੀ ‘ਹਰਿਆਣਾ ਉਦਮ ਅਤੇ ਰੁਜ਼ਗਾਰ ਨੀਤੀ ਤਹਿਤ 539 ਲਾਭਪਾਤਰੀਆਂ ਨੂੰ 45.44 ਕਰੋੜ ਰੁਪਏ, ਲੌਜਿਸਟਿਕਸ, ਵੇਅਰਹਾਊਸਿੰਗ ਅਤੇ ਰਿਟੇਲ ਨੀਤੀ ਤਹਿਤ 4 ਲਾਭਪਾਤਰੀਆਂ ਨੂੰ 9.29 ਕਰੋੜ ਰੁਪਏ, ਜਦੋਂ ਕਿ ਉਦਯੋਗ ਡਾਇਰੈਕਟੋਰੇਟ ਦੀ ਹਰਿਆਣਾ ਉਦਮ ਤੇ ਰੁਜ਼ਗਾਰ ਨੀਤੀ ਦੇ ਤਹਿਤ 16 ਲਾਭਪਾਤਰੀਆਂ ਨੂੰ 144.16 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ।
ਇਸ ਤੋਂ ਇਲਾਵਾ, ‘ਪਲੱਗ ਐਂਡ ਪਲੇਅ’ ਯੋਜਨਾ ਤਹਿਤ 10 ਲਾਭਪਾਤਰੀਆਂ ਨੂੰ 24.53 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਉੱਥੇ ਹੀ, ਆਤਮਨਿਰਭਰ ਟੈਕਸਟਾਈਲ ਨੀਤੀ ਤਹਿਤ 98 ਲਾਭਪਾਤਰੀਆਂ ਨੂੰ 65.18 ਕਰੋੜ ਰੁਪਏ, ‘ਪ੍ਰੋਗਰਾਮ ਟੂ ਐਕਸਲਰੇਟ ਡਿਵੈਲਪਮੈਂਟ ਫਾਰ ਐੱਮ.ਐੱਸ.ਐੱਮ.ਈ. ਐਡਵਾਂਸਮੈਂਟ’ ਤਹਿਤ 2 ਲਾਭਪਾਤਰੀਆਂ ਨੂੰ 20.54 ਕਰੋੜ ਰੁਪਏ ਅਤੇ ਐੱਮ.ਐੱਸ.ਈ. ਕਲੱਸਟਰ ਵਿਕਾਸ ਪ੍ਰੋਗਰਾਮ (MSE CDP) ਤਹਿਤ ਇੱਕ ਕਲੱਸਟਰ ਵਿਕਾਸ ਲਈ 2.11 ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ।
ਉਦਯੋਗ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਭਰ ਦੇ ਉਦਯੋਗਾਂ ਲਈ ਵੱਖ-ਵੱਖ ਯੋਜਨਾਵਾਂ ਅਤੇ ਨੀਤੀਆਂ ਲਾਗੂ ਕਰ ਰਹੀ ਹੈ, ਜਿਸ ਵਿੱਚ ਪ੍ਰੋਤਸਾਹਨਾਂ ਦੀ ਸਮਾਂਬੱਧ ਵੰਡ, ਪਾਰਦਰਸ਼ੀ ਪ੍ਰਕਿਰਿਆ ਅਤੇ ਯੋਗ ਲਾਭਪਾਤਰੀਆਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਵਿਭਾਗ ਪੂਰੇ ਹਰਿਆਣਾ ਵਿੱਚ ਉੱਦਮੀਆਂ ਅਤੇ ਸੂਖਮ, ਲਘੂ ਅਤੇ ਮੱਧਮ ਉਦਯੋਗਾਂ (ਐੱਮ.ਐੱਸ.ਐੱਮ.ਈ.), ਮੇਗਾ ਅਤੇ ਵੱਡੇ ਉਦਯੋਗਾਂ ਨੂੰ ਸਹਿਯੋਗ ਪ੍ਰਦਾਨ ਕਰਨ ਅਤੇ ਵੱਖ-ਵੱਖ ਨੀਤੀਆਂ ਤਹਿਤ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਯੋਗ ਲਾਭਪਾਤਰੀਆਂ ਤੱਕ ਸਮੇਂ ਸਿਰ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ।







