ਅੱਜ ਹਰ ਮਨੁੱਖ ਦੀ ਸਵੇਰ ਅੱਖ ਖੁੱਲ੍ਹਣ ਤੋਂ ਪਹਿਲਾਂ ਹੀ ਮੋਬਾਈਲ ਦੀ ਸਕਰੀਨ ਨਾਲ ਸ਼ੁਰੂ ਹੁੰਦੀ ਹੁੰਦੀ ਹੈ ਅਤੇ ਰਾਤ ਨੂੰ ਨੀਂਦ ਆਉਣ ਤੋਂ ਪਹਿਲਾਂ ਵੀ ਆਖਰੀ ਨਜ਼ਰ ਉਸੇ ਸਕਰੀਨ ’ਤੇ ਹੁੰਦੀ ਹੈ। ਖ਼ਬਰਾਂ, ਸੋਸ਼ਲ ਮੀਡੀਆ, ਕੰਮ, ਮਨੋਰੰਜਨ, ਬੈਂਕਿੰਗ ਅਤੇ ਸੰਚਾਰ—ਜੀਵਨ ਦਾ ਵੱਡਾ ਹਿੱਸਾ ਹੁਣ ਡਿਜ਼ੀਟਲ ਹੋ ਗਿਆ ਹੈ। ਭਾਰਤ ਵਿੱਚ 2025 ਦੌਰਾਨ 806 ਮਿਲੀਅਨ ਇੰਟਰਨੈੱਟ ਵਰਤਣ ਵਾਲੇ ਸਨ ਅਤੇ 85.5 ਫ਼ੀਸਦੀ ਘਰਾਂ ਵਿੱਚ ਘੱਟੋ-ਘੱਟ ਇੱਕ ਸਮਾਰਟਫੋਨ ਮੌਜੂਦ ਸੀ। 15–29 ਸਾਲ ਦੇ ਲਗਭਗ 97.1 ਫ਼ੀਸਦੀ ਨੌਜਵਾਨਾਂ ਨੇ ਮੋਬਾਈਲ ਵਰਤਣ ਦੀ ਜਾਣਕਾਰੀ ਦਿੱਤੀ।
ਦੋਸ਼ੀ ਤਕਨਾਲੋਜੀ ਨਹੀਂ, ਤਕਨਾਲੋਜੀ ਨਾਲ ਸਾਡਾ ਬੇਕਾਬੂ ਰਿਸ਼ਤਾ ਹੈ। ਹਰ ਨੋਟੀਫਿਕੇਸ਼ਨ ਦਿਮਾਗ ਨੂੰ ਨਵੀਂ ਜਾਣਕਾਰੀ ਵੱਲ ਮੋੜਦਾ ਹੈ। ਲਗਾਤਾਰ ਸੁਨੇਹੇ, ਈਮੇਲ, ਰੀਲਾਂ ਅਤੇ ਖ਼ਬਰਾਂ ਮਨ ਨੂੰ ਆਰਾਮ ਦੀ ਥਾਂ ਹਮੇਸ਼ਾ ‘sachet’ ਰੱਖਦੀਆਂ ਹਨ। ਇਸ ਦਾ ਨਤੀਜਾ ਚਿੜਚਿੜਾਪਣ, ਧਿਆਨ ਭਟਕਣਾ, ਮਾਨਸਿਕ ਥਕਾਵਟ ਅਤੇ ਤਣਾਅ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਸਭ ਤੋਂ ਵੱਡਾ ਨੁਕਸਾਨ ਨੀਂਦ ਨੂੰ ਹੁੰਦਾ ਹੈ। 41,716 ਲੋਕਾਂ ਨੂੰ ਸ਼ਾਮਲ ਕਰਦੀ 55 ਅਧਿਐਨਾਂ ਦੀ ਇੱਕ ਮੈਟਾ-ਪੜਚੋਲ ਨੇ ਇਲੈਕਟ੍ਰਾਨਿਕ ਮੀਡੀਆ ਦੀ ਵਰਤੋਂ ਅਤੇ ਘੱਟ ਨੀਂਦ-ਗੁਣਵੱਤਾ ਵਿਚਕਾਰ ਮਹੱਤਵਪੂਰਨ ਸਬੰਧ ਦਰਸਾਇਆ। ਨੀਂਦ ਖ਼ਰਾਬ ਹੋਵੇ ਤਾਂ ਅਗਲੇ ਦਿਨ ਧਿਆਨ, ਮੂਡ, ਉਤਪਾਦਕਤਾ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਵੀ ਪ੍ਰਭਾਵਿਤ ਹੋ ਜਾਂਦੀ ਹੈ।
ਸਰੀਰ ਵੀ ਇਸ ਡਿਜ਼ੀਟਲ ਜੀਵਨ ਦੀ ਕੀਮਤ ਚੁਕਾਉਂਦਾ ਹੈ। ਲੰਮਾ ਸਮਾਂ ਬੈਠੇ ਰਹਿਣਾ ਉਹ ਭਾਵੇਂ ਟੀਵੀ ਸਾਹਮਣੇ ਹੋਵੇ ਜਾਂ ਮੋਬਾਈਲ ਅਤੇ ਕੰਪਿਊਟਰ ਨਾਲ ਇਹ ਸੈਂਡੇਟਰੀ ਸੁਭਾਅ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਬਹੁਤ ਜ਼ਿਆਦਾ ਨਿਸ਼ਕ੍ਰਿਆ ਸਮਾਂ ਦਿਲ ਦੀਆਂ ਬਿਮਾਰੀਆਂ, ਕੈਂਸਰ ਅਤੇ ਟਾਈਪ-2 ਸ਼ੂਗਰ ਦੇ ਖ਼ਤਰੇ ਨਾਲ ਜੁੜਿਆ ਹੈ। ਪਰ ਹੱਲ ਮੋਬਾਈਲ ਨੂੰ ਸੁੱਟ ਦੇਣਾ ਨਹੀਂ। ਹੱਲ ਹੈ ਡਿਜ਼ੀਟਲ ਅਨੁਸ਼ਾਸਨ ਤਹਿਤ ਸਵੇਰ ਦਾ ਪਹਿਲਾ ਅੱਧਾ ਘੰਟਾ ਸਕਰੀਨ-ਮੁਕਤ ਰੱਖੋ। ਅੱਖ ਖੁੱਲ੍ਹਦੇ ਹੀ ਨੋਟੀਫਿਕੇਸ਼ਨ ਦੇਖਣ ਦੀ ਥਾਂ ਪਾਣੀ ਪੀਓ, ਕੁਝ ਮਿੰਟ ਚੁੱਪ ਬੈਠੋ ਜਾਂ ਸੈਰ ਕਰੋ। ਫਿਰ ਨੋਟੀਫਿਕੇਸ਼ਨ ਘਟਾਓ। ਹਰ ਐਪ ਨੂੰ ਤੁਹਾਡੇ ਧਿਆਨ ਦਾ ਅਧਿਕਾਰ ਦੇਣਾ ਜ਼ਰੂਰੀ ਨਹੀਂ। ਗੈਰ-ਜ਼ਰੂਰੀ ਅਲਰਟ ਬੰਦ ਕਰਨਾ ਮਾਨਸਿਕ ਸ਼ੋਰ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਅਤੇ 20–30 ਮਿੰਟ ਦੇ ‘ਸਕਰੀਨ ਬ੍ਰੇਕ’ ਲਓ। ਉੱਠੋ, ਤੁਰੋ, ਖਿੜਕੀ ਤੋਂ ਬਾਹਰ ਦੇਖੋ, ਪਰਿਵਾਰ ਨਾਲ ਗੱਲ ਕਰੋ ਜਾਂ ਕੁਝ ਸਮਾਂ ਬਿਨਾਂ ਕਿਸੇ ਡਿਜ਼ੀਟਲ ਉਤੇਜਨਾ ਦੇ ਬਿਤਾਓ। ਫਿਰ ਖਾਣੇ ਦੀ ਮੇਜ਼ ਅਤੇ ਬੈੱਡਰੂਮ ਨੂੰ ਸਕਰੀਨ-ਮੁਕਤ ਖੇਤਰ ਬਣਾਓ। ਸੌਣ ਤੋਂ ਪਹਿਲਾਂ ਲਗਾਤਾਰ ਸਕਰੀਨ ਵਰਤਣ ਦੀ ਆਦਤ ਛੱਡਣਾ ਨੀਂਦ ਦੀ ਰੁਟੀਨ ਲਈ ਵਿਸ਼ੇਸ਼ ਤੌਰ ’ਤੇ ਲਾਭਦਾਇਕ ਹੋ ਸਕਦਾ ਹੈ। ਇਸ ਦੇ ਨਾਲ ਸਕਰੀਨ ਦਾ ਸਮਾਂ ਘਟਾਉਣ ਦੇ ਨਾਲ ਸਰੀਰ ਨੂੰ ਹਿਲਾਉਣਾ ਵੀ ਜ਼ਰੂਰੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਬਾਲਗਾਂ ਲਈ ਹਫ਼ਤੇ ਵਿੱਚ ਘੱਟੋ-ਘੱਟ 150–300 ਮਿੰਟ ਦਰਮਿਆਨੀ ਤੀਬਰਤਾ ਵਾਲੀ ਸਰੀਰਕ ਕਿਰਿਆ ਦੀ ਸਿਫ਼ਾਰਸ਼ ਕਰਦਾ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਕਰੀਨ ਤੋਂ ਦੂਰ ਹੋਣਾ ਦੁਨੀਆ ਤੋਂ ਦੂਰ ਹੋਣਾ ਨਹੀਂ ਸਗੋਂ ਇਹ ਆਪਣੇ ਆਪ ਦੇ ਨੇੜੇ ਆਉਣਾ ਹੈ। ਕੁਝ ਮਿੰਟਾਂ ਦੀ ਖ਼ਾਮੋਸ਼ੀ, ਇੱਕ ਕੱਪ ਚਾਹ ਬਿਨਾਂ ਫ਼ੋਨ ਦੇ, ਪਰਿਵਾਰ ਨਾਲ ਆਹਮੋ-ਸਾਹਮਣੇ ਗੱਲਬਾਤ, ਖੁੱਲ੍ਹੀ ਹਵਾ ਵਿੱਚ ਸੈਰ ਅਤੇ ਰਾਤ ਦੀ ਸ਼ਾਂਤ ਨੀਂਦ—ਇਹ ਉਹ ‘ਆਫ਼ਲਾਈਨ’ ਅਣਮੁੱਲੇ ਪਲ ਹਨ ਜਿਨ੍ਹਾਂ ਵਿੱਚ ਜ਼ਿੰਦਗੀ ਅਸਲ ਵਿੱਚ ਜੀਈ ਜਾਂਦੀ ਹੈ। ਤਕਨਾਲੋਜੀ ਸਾਡੀ ਸਹੂਲਤ ਬਣੇ, ਸਾਡੀ ਆਦਤ ਦਾ ਮਾਲਕ ਨਹੀਂ। ਸਕਰੀਨ ਨੂੰ ਬੰਦ ਕਰਨ ਦਾ ਹੌਸਲਾ ਹੀ ਕਈ ਵਾਰ ਮਨ ਨੂੰ ਮੁੜ ਚਾਲੂ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਹੈ।
ਛਤਰਪਾਲ ਸਿੰਘ







