ਨੇਪਾਲ, 6 ਸਤੰਬਰ 2026 (ਹਰਸ਼ਪ੍ਰੀਤ ਕੌਰ): ਨੇਪਾਲ ਵਿੱਚ ਭਾਰੀ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਤਬਾਹੀ ਦਾ ਦੌਰ ਜਾਰੀ ਹੈ। ਨੇਪਾਲ ਪੁਲਿਸ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੁਦਰਤੀ ਆਫ਼ਤਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,341 ਤੱਕ ਪਹੁੰਚ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਚੱਲ ਰਹੇ ਹਨ। ਇਸ ਦੌਰਾਨ ਅੱਪਰ ਤ੍ਰਿਸ਼ੂਲੀ-1 ਹਾਈਡ੍ਰੋਪਾਵਰ ਪ੍ਰਾਜੈਕਟ ਦੀ ਇੱਕ ਸੁਰੰਗ ਵਿੱਚੋਂ ਇੱਕ ਚੀਨੀ ਨਾਗਰਿਕ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਤੋਂ ਇਲਾਵਾ ਨੁਵਾਕੋਟ ਦੇ ਬੇਤ੍ਰਾਵਤੀ ਇਲਾਕੇ ਵਿੱਚੋਂ 64 ਸਾਲਾ ਮਹਿਲਾ ਨੂੰ ਵੀ ਬਚਾਇਆ ਗਿਆ। ਰਾਸ਼ਟਰੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (NDRRMA) ਦੇ ਸ਼ਾਮ 6 ਵਜੇ ਤੱਕ ਦੇ ਅਪਡੇਟ ਮੁਤਾਬਕ ਮੌਤਾਂ ਦੀ ਗਿਣਤੀ 1,331 ਦੱਸੀ ਗਈ, ਜਦਕਿ ਦੁਪਹਿਰ ਦੇ ਅਪਡੇਟ ਵਿੱਚ ਇਹ ਅੰਕੜਾ 1,344 ਸੀ। ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਲਾਪਤਾ ਲੋਕਾਂ ਦੀ ਭਾਲ ਵੀ ਜਾਰੀ ਹੈ।
ਇਸ ਦੌਰਾਨ ਭਾਰਤ ਅਤੇ ਨੇਪਾਲ ਦੀਆਂ ਸਾਂਝੀਆਂ ਟੀਮਾਂ ਵੱਲੋਂ ਚਿਲਿਮੇ ਸੁਰੰਗ ਵਿੱਚ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਭਾਰਤੀ ਦੂਤਾਵਾਸ ਮੁਤਾਬਕ ਸੁਰੰਗ ਦੇ ਅੰਦਰ ਭਾਰੀ ਮਲਬੇ, ਪਾਣੀ ਅਤੇ ਚਿੱਕੜ ਕਾਰਨ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਪਰ ਟੀਮਾਂ ਲਗਾਤਾਰ ਮਲਬਾ ਹਟਾਉਣ ਵਿੱਚ ਜੁਟੀਆਂ ਹੋਈਆਂ ਹਨ। ਨੇਪਾਲ ਵਿੱਚ ਭਾਰਤ ਦੇ ਰਾਜਦੂਤ ਨਵੀਨ ਸ਼੍ਰੀਵਾਸਤਵ ਨੇ ਦੱਸਿਆ ਕਿ ਸੁਰੰਗ ਦੇ ਅੰਦਰਲੇ ਹਿੱਸੇ ਵਿੱਚ ਮਲਬਾ ਅਤੇ ਚਿੱਕੜ ਲਗਭਗ ਛੱਤ ਤੱਕ ਪਹੁੰਚ ਗਿਆ ਹੈ। ਮਲਬਾ ਹਟਾਉਣ ਤੋਂ ਬਾਅਦ ਭਾਰੀ ਮਸ਼ੀਨਰੀ ਨੂੰ ਸੁਰੰਗ ਦੇ ਅੰਦਰ ਤੱਕ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਆਫ਼ਰੁਬੇਸੀ ਤੋਂ ਸੁਰੰਗ ਦੇ ਪ੍ਰਵੇਸ਼ ਦੁਆਰ ਤੱਕ ਪਹੁੰਚ ਮਾਰਗ ਤਿਆਰ ਕਰਨ ਦਾ ਕੰਮ ਵੀ ਚੱਲ ਰਿਹਾ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਨੇ ਨੇਪਾਲ ਲਈ ਹੁਣ ਤੱਕ ਸੱਤ ਉਡਾਣਾਂ ਰਾਹੀਂ ਲਗਭਗ 95 ਟਨ ਰਾਹਤ ਸਮੱਗਰੀ ਭੇਜੀ ਹੈ। ਇਸ ਤੋਂ ਇਲਾਵਾ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਲਈ 54 ਵਿਸ਼ੇਸ਼ ਕਰਮਚਾਰੀ ਵੀ ਭੇਜੇ ਗਏ ਹਨ। ਇਨ੍ਹਾਂ ਵਿੱਚ 30 ਸੁਰੰਗ ਬਚਾਅ ਮਾਹਿਰ, 19 ਫੋਰੈਂਸਿਕ ਮਾਹਿਰ ਅਤੇ ਪੰਜ ਮੈਂਬਰੀ ਮੈਡੀਕਲ ਟੀਮ ਸ਼ਾਮਲ ਹੈ। ਭਾਰਤ ਨੇ ਕਿਹਾ ਹੈ ਕਿ ਨੇਪਾਲ ਸਰਕਾਰ ਦੀਆਂ ਲੋੜਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹੋਰ ਫੋਰੈਂਸਿਕ ਕਿੱਟਾਂ, ਬੇਲੀ ਬ੍ਰਿਜ ਅਤੇ ਹੋਰ ਜ਼ਰੂਰੀ ਸਮੱਗਰੀ ਵੀ ਭੇਜੀ ਜਾਵੇਗੀ। ਭਿਆਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਨੇਪਾਲ ਵਿੱਚ ਬਚਾਅ ਅਤੇ ਰਾਹਤ ਕਾਰਜ ਅਜੇ ਵੀ ਜੰਗੀ ਪੱਧਰ ’ਤੇ ਜਾਰੀ ਹਨ।







