ਫੋਟੋਗ੍ਰਾਫੀ ਵਿੱਚ ਕੈਮਰਾ ਪਲ ਨੂੰ ਕੈਦ ਕਰਦਾ ਹੈ, ਪਰ ਤਸਵੀਰ ਦੀ ਬਣਤਰ ਉਸ ਪਲ ਨੂੰ ਅਰਥ ਦਿੰਦੀ ਹੈ। ਕਦੇ ਇੱਕ ਤਸਵੀਰ ਦੇ ਮੁੱਖ ਵਿਸ਼ੇ ਨੂੰ ਪਿਛੋਕੜ ਤੋਂ ਵੱਖ ਕਰਨ ਲਈ ਫੋਟੋਗ੍ਰਾਫਰ ਨੂੰ ਘੰਟਿਆਂ ਤੱਕ ਬਰਸ਼, ਪਰਤਾਂ ਅਤੇ ਚੋਣ ਸਾਧਨਾਂ ਨਾਲ ਕੰਮ ਕਰਨਾ ਪੈਂਦਾ ਸੀ। ਅੱਜ ਏ ਆਈ ਨੇ ਇਸ ਕੰਮ ਨੂੰ ਕੁਝ ਸਕਿੰਟਾਂ ਦੀ ਪ੍ਰਕਿਰਿਆ ਵਿੱਚ ਬਦਲ ਦਿੱਤਾ ਹੈ। ਵਿਸ਼ਾ-ਮਾਸਕਿੰਗ ਇਸ ਬਦਲਾਅ ਦੀ ਇੱਕ ਮਹੱਤਵਪੂਰਨ ਉਦਾਹਰਨ ਹੈ।
ਲਾਈਟਰੂਮ ਕਲਾਸਿਕ ਵਿੱਚ ‘ਵਿਸ਼ਾ ਚੁਣੋ’ ਸਹੂਲਤ ਤਸਵੀਰ ਦੀ ਪੜਚੋਲ ਕਰਕੇ ਮੁੱਖ ਵਿਸ਼ੇ ਨੂੰ ਆਪਣੇ ਆਪ ਪਛਾਣਦੀ ਅਤੇ ਉਸ ਲਈ ਮਾਸਕ ਤਿਆਰ ਕਰਦੀ ਹੈ। ਇਸ ਦਾ ਅਰਥ ਹੈ ਕਿ ਫੋਟੋਗ੍ਰਾਫਰ ਨੂੰ ਪੂਰੇ ਵਿਸ਼ੇ ਦੇ ਆਲੇ-ਦੁਆਲੇ ਹੱਥ ਨਾਲ ਚੋਣ ਕਰਨ ਦੀ ਲੋੜ ਨਹੀਂ ਰਹਿੰਦੀ।
ਇਹ ਤਕਨੀਕ ਸਿਰਫ਼ ਰੰਗ ਜਾਂ ਰੌਸ਼ਨੀ ਦੇ ਆਧਾਰ ’ਤੇ ਚੋਣ ਨਹੀਂ ਕਰਦੀ, ਸਗੋਂ ਚਿੱਤਰ ਵਿੱਚ ਦਿਸਦੇ ਨਮੂਨਿਆਂ ਦੀ ਕੋਖ ਕਰਕੇ ਮੁੱਖ ਵਿਸ਼ੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦੀ ਹੈ। ਮਨੁੱਖ, ਵਸਤੂ ਜਾਂ ਹੋਰ ਮੁੱਖ ਤੱਤ ਦੀ ਪਛਾਣ ਹੋਣ ਤੋਂ ਬਾਅਦ ਲਾਈਟਰੂਮ ਉਸ ਹਿੱਸੇ ਨੂੰ ਮਾਸਕ ਜਾਂ ਵੱਖਰੀ ਚੋਣ ਦੇ ਰੂਪ ਵਿੱਚ ਅਲੱਗ ਕਰ ਦਿੰਦਾ ਹੈ।
ਇਸ ਤੋਂ ਬਾਅਦ ਫੋਟੋਗ੍ਰਾਫਰ ਸਿਰਫ਼ ਚੁਣੇ ਹੋਏ ਹਿੱਸੇ ਦੀ ਰੌਸ਼ਨੀ, ਵਿਰੋਧਾਭਾਸ, ਚਮਕਦਾਰ ਹਿੱਸੇ, ਛਾਂਵੇਂ, ਰੰਗ-ਗਹਿਰਾਈ, ਤਿੱਖਾਪਣ ਅਤੇ ਰੰਗ-ਤਾਪਮਾਨ ਆਦਿ ਨੂੰ ਬਦਲ ਸਕਦਾ ਹੈ, ਜਦਕਿ ਤਸਵੀਰ ਦਾ ਬਾਕੀ ਹਿੱਸਾ ਅਣਛੁੱਤਾ ਰਹਿੰਦਾ ਹੈ।
ਇਸ ਤਕਨੀਕ ਦੀ ਇੱਕ ਮਹੱਤਵਪੂਰਨ ਖੂਬੀ ਇਹ ਹੈ ਕਿ ਇਹ ਗੈਰ-ਵਿਨਾਸ਼ਕਾਰੀ ਕੋਖ ਦੀ ਆਗਿਆ ਦਿੰਦੀ ਹੈ। ਭਾਵ ਮੂਲ ਤਸਵੀਰ ਨੂੰ ਸਥਾਈ ਤੌਰ ’ਤੇ ਬਦਲੇ ਬਿਨਾਂ ਉਸ ’ਤੇ ਸੁਧਾਰ ਕੀਤੇ ਜਾ ਸਕਦੇ ਹਨ।
ਏ ਆਈ ਆਧਾਰਿਤ ਮਾਸਕਿੰਗ ਹੁਣ ਸਿਰਫ਼ ਇੱਕ ਮੁੱਖ ਵਿਸ਼ੇ ਤੱਕ ਸੀਮਿਤ ਨਹੀਂ ਰਹੀ। ਲਾਈਟਰੂਮ ਕਲਾਸਿਕ ਵਿੱਚ ਵਿਅਕਤੀ ਚੋਣ ਰਾਹੀਂ ਪੂਰੇ ਵਿਅਕਤੀ ਤੋਂ ਇਲਾਵਾ ਚਿਹਰੇ, ਵਾਲ, ਦਾੜ੍ਹੀ, ਕੱਪੜੇ ਅਤੇ ਸਰੀਰ ਦੇ ਖਾਸ ਹਿੱਸਿਆਂ ਨੂੰ ਵੀ ਵੱਖਰਾ ਚੁਣਿਆ ਜਾ ਸਕਦਾ ਹੈ।
ਇਸੇ ਤਰ੍ਹਾਂ ਵਸਤੂ ਚੋਣ ਕਿਸੇ ਖਾਸ ਵਸਤੂ ਨੂੰ ਨਿਸ਼ਾਨਾ ਬਣਾਉਣ ਦੀ ਸਹੂਲਤ ਦਿੰਦੀ ਹੈ, ਜਦਕਿ ਅਸਮਾਨ ਚੋਣ ਅਤੇ ਪਿਛੋਕੜ ਚੋਣ ਰਾਹੀਂ ਅਸਮਾਨ ਜਾਂ ਪਿਛੋਕੜ ਨੂੰ ਵੱਖਰੇ ਤੌਰ ’ਤੇ ਸੰਵਾਰਿਆ ਜਾ ਸਕਦਾ ਹੈ।
ਇਸ ਦਾ ਪ੍ਰਭਾਵ ਖਾਸ ਕਰਕੇ ਚਿਹਰਾ-ਚਿੱਤਰਕਾਰੀ, ਵਿਆਹੀ ਫੋਟੋਗ੍ਰਾਫੀ, ਪ੍ਰੋਡਕਟ ਫੋਟੋਗ੍ਰਾਫੀ, ਜੰਗਲੀ ਜੀਵ ਫੋਟੋਗ੍ਰਾਫੀ, ਯਾਤਰਾ ਫੋਟੋਗ੍ਰਾਫੀ ਅਤੇ ਪੱਤਰਕਾਰੀ ਫੋਟੋਗ੍ਰਾਫੀ ਵਿੱਚ ਮਹੱਤਵਪੂਰਨ ਹੈ।
ਏ ਆਈ ਦੀ ਅਸਲ ਕਸੌਟੀ ਤਸਵੀਰ ਦਾ ਆਸਾਨ ਹਿੱਸਾ ਨਹੀਂ, ਸਗੋਂ ਉਸ ਦੇ ਕਿਨਾਰੇ ਹੁੰਦੇ ਹਨ। ਘੁੰਘਰਾਲੇ ਵਾਲ, ਦਾੜ੍ਹੀ, ਪੰਛੀਆਂ ਦੇ ਪਰ, ਦਰੱਖਤਾਂ ਦੀਆਂ ਬਾਰੀਕ ਟਾਹਣੀਆਂ ਜਾਂ ਪਾਰਦਰਸ਼ੀ ਤੱਤ ਅਕਸਰ ਸਹੀ ਚੋਣ ਲਈ ਚੁਣੌਤੀ ਬਣਦੇ ਹਨ।
ਨਵੀਆਂ ਕ੍ਏ ਆਈ ਮਾਸਕਿੰਗ ਸਹੂਲਤਾਂ ਵਿੱਚ ਕਿਨਾਰਾ-ਸੁਧਾਰ ਅਤੇ ਨਰਮ ਕਿਨਾਰਾ ਵਰਗੇ ਨਿਯੰਤਰਣ ਚੋਣ ਨੂੰ ਹੋਰ ਸੁਚੱਜਾ ਬਣਾਉਣ ਵਿੱਚ ਮਦਦ ਕਰਦੇ ਹਨ। ਕਿਨਾਰਾ-ਸੁਧਾਰ ਰਾਹੀਂ ਮਾਸਕ ਨੂੰ ਵਸਤੂ ਦੇ ਕਿਨਾਰੇ ਨਾਲ ਹੋਰ ਸਹੀ ਢੰਗ ਨਾਲ ਮਿਲਾਇਆ ਜਾ ਸਕਦਾ ਹੈ, ਜਦਕਿ ਨਰਮ ਕਿਨਾਰਾ ਚੁਣੇ ਹੋਏ ਹਿੱਸੇ ਅਤੇ ਬਾਕੀ ਤਸਵੀਰ ਵਿਚਕਾਰ ਤਬਦੀਲੀ ਨੂੰ ਕੁਦਰਤੀ ਬਣਾਉਂਦਾ ਹੈ।
ਫਿਰ ਵੀ ਕਏ ਆਈ ਨੂੰ ਅੰਤਿਮ ਫੈਸਲਾ ਮੰਨਣਾ ਠੀਕ ਨਹੀਂ। ਜਟਿਲ ਪਿਛੋਕੜ, ਇੱਕੋ ਜਿਹੇ ਰੰਗਾਂ ਵਾਲੇ ਵਿਸ਼ੇ ਅਤੇ ਪਿਛੋਕੜ ਵਿੱਚ ਮਿਲਦੇ-ਜੁਲਦੇ ਤੱਤ ਛੋਟੀਆਂ ਚੋਣ-ਗਲਤੀਆਂ ਪੈਦਾ ਕਰ ਸਕਦੇ ਹਨ। ਇਸ ਲਈ ਜੋੜੋ ਅਤੇ ਘਟਾਓ ਵਰਗੇ ਸਾਧਨਾਂ ਰਾਹੀਂ ਮਨੁੱਖੀ ਸੁਧਾਰ ਅਜੇ ਵੀ ਜ਼ਰੂਰੀ ਹੈ।
ਸਮਝਣ ਦੀ ਗੱਲ ਇਹ ਹੈ ਕਿ ਏ ਆਈ ਫੋਟੋਗ੍ਰਾਫਰ ਦੀ ਥਾਂ ਲਵੇਗੀ ਜਾਂ ਨਹੀਂ। ਮੁੱਦਾ ਇਹ ਹੈ ਕਿ ਫੋਟੋਗ੍ਰਾਫਰ ਏ ਆਈ ਨੂੰ ਕਿੰਨੀ ਸਮਝਦਾਰੀ ਨਾਲ ਵਰਤੇਗਾ।
ਏ ਆਈ ਦੁਹਰਾਏ ਜਾਣ ਵਾਲੇ ਅਤੇ ਸਮਾਂ ਲੈਣ ਵਾਲੇ ਚੁਨਿੰਦਾ ਕਾਰਜ ਨੂੰ ਬਹੁਤ ਤੇਜ਼ ਕਰ ਸਕਦੀ ਹੈ, ਪਰ ਨਵੀਂ ਸੋਚ ਪੈਦਾ ਕਰਨ ਵਾਲਾ ਫੈਸਲਾ, ਦੇਖੀ ਹੋਈ ਕਹਾਣੀਕਾਰੀ, ਰੌਸ਼ਨੀ ਦੀ ਸਮਝ ਅਤੇ ਤਸਵੀਰ ਦੀ ਅੰਤਿਮ ਖੂਬਸੂਰਤੀ ਨੂੰ ਸੋਧਣ ਬਾਰੇ ਫੈਸਲਾ ਅਜੇ ਵੀ ਮਨੁੱਖੀ ਨਜ਼ਰ ਨਾਲ ਜੁੜਿਆ ਹੈ।
ਇਸ ਦੀ ਇੱਕ ਹੋਰ ਵੱਡੀ ਤਾਕਤ ਸਮੂਹਿਕ ਤਰਤੀਬ ਦੇਣ ਵਾਲੀ ਪ੍ਰਕਿਰਿਆ ਹੈ। ਲਾਈਟਰੂਮ ਕਲਾਸਿਕ ਵਿੱਚ ਏ ਆਈ ਨਾਲ ਬਣੇ ਮਾਸਕਾਂ ਨੂੰ ਕਈ ਤਸਵੀਰਾਂ ’ਤੇ ਨਕਲ, ਚਿਪਕਾਉਣ, ਇਕ ਸਾਰ ਕਰਨਾਅਤੇ ਆਟੋਮੈਟਿਕ ਇਕ ਸਾਰ ਕਰਨਾ ਰਾਹੀਂ ਲਾਗੂ ਕੀਤਾ ਜਾ ਸਕਦਾ ਹੈ। ਇਸ ਨਾਲ ਵੱਡੀ ਗਿਣਤੀ ਵਿੱਚ ਤਸਵੀਰਾਂ ਨੂੰ ਸੰਵਾਰਨ ਦਾ ਸਮਾਂ ਕਾਫ਼ੀ ਘਟ ਸਕਦਾ ਹੈ।
ਏ ਆਈ ਮਾਸਕਿੰਗ ਸਿਰਫ਼ ਇੱਕ ਤਰਤੀਬ ਦੇਣਾ ਸਹੂਲਤ ਨਹੀਂ, ਸਗੋਂ ਫੋਟੋਗ੍ਰਾਫੀ ਦੇ ਬਦਲਦੇ ਭਵਿੱਖ ਦੀ ਝਲਕ ਹੈ। ਆਉਣ ਵਾਲੇ ਸਮੇਂ ਵਿੱਚ ਏ ਆਈ ਹੋਰ ਸਟੀਕ ਢੰਗ ਨਾਲ ਤਸਵੀਰ ਦੇ ਹਰੇਕ ਤੱਤ ਨੂੰ ਸਮਝਣ ਅਤੇ ਉਸ ਅਨੁਸਾਰ ਤਰਤੀਬ ਵਾਰ ਕਰਨ ਦੇ ਯੋਗ ਹੋ ਸਕਦੀ ਹੈ।
ਏ ਆਈ ਫੋਟੋਗ੍ਰਾਫਰ ਦੀ ਅੱਖ ਨਹੀਂ ਬਣੀ; ਇਹ ਉਸ ਦੀ ਅੱਖ ਨੂੰ ਹੋਰ ਤੇਜ਼, ਸਟੀਕ ਅਤੇ ਪ੍ਰਭਾਵਸ਼ਾਲੀ ਬਣਾਉਣ ਵਾਲਾ ਸਾਧਨ ਹੈ। ਚੰਗੀ ਤਸਵੀਰ ਅੱਜ ਵੀ ਕੈਮਰੇ ਤੋਂ ਪਹਿਲਾਂ ਨਜ਼ਰ ਵਿੱਚ ਜਨਮ ਲੈਂਦੀ ਹੈ। ਏ ਆਈ ਸਿਰਫ਼ ਉਸ ਨਜ਼ਰ ਨੂੰ ਹੋਰ ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਤਸਵੀਰ ਵਿੱਚ ਉਭਾਰਨ ਦੀ ਤਾਕਤ ਦੇ ਰਹੀ ਹੈ।
ਗੁਰਮੀਤ ਸਿੰਘ ਤੁੰਗ
ਬਿਊਰੋ ਚੀਫ਼
9855221193








