5 ਸਤੰਬਰ, 2026 (ਰਾਜੇਸ਼ ਕੁਮਾਰ) : ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਪੱਛਮੀ ਹਿੱਸੇ ਵਿੱਚ ਸਥਿਤ ਵਿਆਚਾ ਸ਼ਹਿਰ ਦੇ ਇੱਕ ਫੌਜੀ ਅੱਡੇ ’ਤੇ ਹੋਏ ਭਿਆਨਕ ਧਮਾਕੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ 58 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ 10 ਤੋਂ 15 ਦੇ ਵਿਚਕਾਰ ਹੋ ਸਕਦੀ ਹੈ। ਬੋਲੀਵੀਆ ਦੇ ਰੱਖਿਆ ਮੰਤਰੀ ਅਰਨੇਸਟੋ ਜਸਟਿਨਿਆਨੋ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਹਨ, ਜਦਕਿ ਕੁਝ ਫੌਜੀ ਕਰਮਚਾਰੀ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਧਮਾਕਾ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 2:30 ਵਜੇ ਉਸ ਸਥਾਨ ’ਤੇ ਹੋਇਆ, ਜਿੱਥੇ ਰੱਖਿਆ ਮੰਤਰਾਲੇ ਦਾ ਪਟਾਕਿਆਂ ਦਾ ਗੋਦਾਮ ਮੌਜੂਦ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ, ਮੈਡੀਕਲ ਟੀਮ ਅਤੇ ਪੁਲਿਸ ਨੂੰ ਮੌਕੇ ’ਤੇ ਭੇਜਿਆ ਗਿਆ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਬਚਾਅ ਟੀਮਾਂ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਕੰਮ ਜਾਰੀ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ 14 ਲੋਕਾਂ ਨੂੰ ਲਾ ਪਾਜ਼ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਇੱਕ ਛੋਟੀ ਬੱਚੀ ਵੀ ਸ਼ਾਮਲ ਹੈ, ਜਿਸ ਦਾ ਸਰੀਰ ਕਰੀਬ 90 ਫ਼ੀਸਦੀ ਝੁਲਸਿਆ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅਧਿਕਾਰੀਆਂ ਵੱਲੋਂ ਹਾਦਸੇ ਦੀ ਜਾਂਚ ਦੇ ਨਾਲ-ਨਾਲ ਧਮਾਕੇ ਕਾਰਨ ਹੋਏ ਨੁਕਸਾਨ ਅਤੇ ਜਾਨੀ ਨੁਕਸਾਨ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।







