ਚੰਡੀਗੜ੍ਹ, 5 ਸਤੰਬਰ, 2026 (ਹਰਸ਼ਪ੍ਰੀਤ ਕੌਰ): ਹਰਿਆਣਾ ਸਰਕਾਰ ਦੇ ਕਥਿਤ ₹504 ਕਰੋੜ ਦੇ ਫੰਡ ਘਪਲੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਤੀਜੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਵਿੱਚ 6 IAS ਅਧਿਕਾਰੀਆਂ ਸਮੇਤ ਕੁੱਲ 19 ਮੁਲਜ਼ਮਾਂ ਦੇ ਨਾਮ ਸ਼ਾਮਲ ਹਨ। ਚਾਰਜਸ਼ੀਟ ਪੰਚਕੂਲਾ ਦੀ ਵਿਸ਼ੇਸ਼ CBI ਅਦਾਲਤ ਵਿੱਚ ਦਾਖ਼ਲ ਕੀਤੀ ਗਈ। ਇਸ ਨਾਲ ਮਾਮਲੇ ਵਿੱਚ ਹੁਣ ਤੱਕ ਚਾਰਜਸ਼ੀਟ ਦਾ ਸਾਹਮਣਾ ਕਰ ਰਹੇ ਮੁਲਜ਼ਮਾਂ ਦੀ ਗਿਣਤੀ 37 ਹੋ ਗਈ ਹੈ, ਜਦਕਿ CBI ਮੁਤਾਬਕ ਹੁਣ ਤੱਕ 26 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। CBI ਅਨੁਸਾਰ ਤਾਜ਼ਾ ਚਾਰਜਸ਼ੀਟ ਵਿੱਚ 6 IAS ਅਧਿਕਾਰੀਆਂ ਤੋਂ ਇਲਾਵਾ IDFC First Bank ਦੇ 3 ਅਧਿਕਾਰੀ, AU Small Finance Bank ਦਾ ਇੱਕ ਅਧਿਕਾਰੀ ਅਤੇ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 9 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ। ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ ਕੁਝ ਸਰਕਾਰੀ ਅਧਿਕਾਰੀਆਂ ਨੇ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਸਰਕਾਰੀ ਫੰਡਾਂ ਨੂੰ ਕਥਿਤ ਤੌਰ ’ਤੇ ਹੋਰ ਖਾਤਿਆਂ ਵਿੱਚ ਟਰਾਂਸਫਰ ਕਰਨ ਦੀ ਯੋਜਨਾ ਬਣਾਈ। CBI ਮੁਤਾਬਕ ਅੱਠ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਦੇ ਫੰਡ ਪ੍ਰਭਾਵਿਤ ਹੋਏ। ਮਾਮਲੇ ਵਿੱਚ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਜਾਅਲੀ ਦਸਤਾਵੇਜ਼ਾਂ ਦੀ ਵਰਤੋਂ, ਸਬੂਤ ਮਿਟਾਉਣ, ਖਾਤਿਆਂ ਵਿੱਚ ਹੇਰਾਫੇਰੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ। CBI ਨੇ ਜਾਂਚ ਦੌਰਾਨ 54 ਥਾਵਾਂ ’ਤੇ ਛਾਪੇ ਮਾਰ ਕੇ ਕਰੀਬ ₹20 ਕਰੋੜ ਮੁੱਲ ਦਾ ਸੋਨਾ ਸਮੇਤ ਹੋਰ ਕਥਿਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ। ਏਜੰਸੀ ਵੱਲੋਂ ਮਾਮਲੇ ਵਿੱਚ ਪੈਸਿਆਂ ਦੇ ਪੂਰੇ ਲੈਣ-ਦੇਣ ਅਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਅਜੇ ਜਾਰੀ ਹੈ।







