ਇਟਲੀ, 4 ਸਤੰਬਰ 2026 (ਅਰਸ਼ਦੀਪ ਸਿੰਘ): ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਦੇਸ਼ ਦੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੇ ਲਗਾਤਾਰ 1,413 ਦਿਨ ਪੂਰੇ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਰਿਕਾਰਡ ਤੋੜ ਦਿੱਤਾ ਹੈ। ਮੇਲੋਨੀ ਦੀ ਸਰਕਾਰ ਨੇ 4 ਸਤੰਬਰ 2026 ਨੂੰ ਲਗਾਤਾਰ ਕਾਰਜਕਾਲ ਦੇ ਮਾਮਲੇ ਵਿੱਚ ਬਰਲੁਸਕੋਨੀ ਨੂੰ ਪਿੱਛੇ ਛੱਡ ਦਿੱਤਾ। ਬਰਲੁਸਕੋਨੀ ਦੀ ਦੂਜੀ ਸਰਕਾਰ 2001 ਤੋਂ 2005 ਤੱਕ 1,412 ਦਿਨ ਲਗਾਤਾਰ ਸੱਤਾ ਵਿੱਚ ਰਹੀ ਸੀ। ਮੇਲੋਨੀ ਨੇ ਇੱਕ ਦਿਨ ਵੱਧ ਸੱਤਾ ਵਿੱਚ ਰਹਿ ਕੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ। ਇਟਲੀ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੋਂ ਸਰਕਾਰਾਂ ਦੇ ਬਦਲਾਅ ਅਤੇ ਸਿਆਸੀ ਅਸਥਿਰਤਾ ਦੇਖਣ ਨੂੰ ਮਿਲਦੀ ਰਹੀ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਰੀਬ ਅੱਠ ਦਹਾਕਿਆਂ ਵਿੱਚ ਦੇਸ਼ ਵਿੱਚ ਦਰਜਨਾਂ ਸਰਕਾਰਾਂ ਬਣੀਆਂ, ਜਿਸ ਕਾਰਨ ਮੇਲੋਨੀ ਸਰਕਾਰ ਦਾ ਲਗਾਤਾਰ ਸੱਤਾ ਵਿੱਚ ਬਣਿਆ ਰਹਿਣਾ ਖਾਸ ਤੌਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜੌਰਜੀਆ ਮੇਲੋਨੀ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਮੇਲੋਨੀ ਨਾਲ ਆਪਣੇ ਨਜ਼ਦੀਕੀ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਇਸ ਸਿਆਸੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਭਾਰਤ ਅਤੇ ਇਟਲੀ ਦੇ ਰਿਸ਼ਤਿਆਂ ਵਿੱਚ ਵੀ ਪਿਛਲੇ ਕੁਝ ਸਾਲਾਂ ਦੌਰਾਨ ਨੇੜਤਾ ਵਧੀ ਹੈ। ਦੋਵੇਂ ਦੇਸ਼ ਵਪਾਰ, ਰੱਖਿਆ, ਤਕਨਾਲੋਜੀ, ਨਵੀਂ ਊਰਜਾ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਅੱਗੇ ਵਧ ਰਹੇ ਹਨ। ਇਸ ਤੋਂ ਪਹਿਲਾਂ ਜੂਨ 2026 ਵਿੱਚ ਮੇਲੋਨੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ ਸੀ।







