Homeਸੰਸਾਰਨਾਰੋਵਾਲ ਦੇ ਸਵਾ ਸੌ ਸਾਲ ਪੁਰਾਣੇ ਮੰਦਿਰ ਨੂੰ ਢਾਹੇ ਜਾਣ ’ਤੇ ਵਿਵਾਦ,...

ਨਾਰੋਵਾਲ ਦੇ ਸਵਾ ਸੌ ਸਾਲ ਪੁਰਾਣੇ ਮੰਦਿਰ ਨੂੰ ਢਾਹੇ ਜਾਣ ’ਤੇ ਵਿਵਾਦ, ਪਾਕਿਸਤਾਨ ਸਰਕਾਰ ਦੇ ਰੁਖ਼ ’ਤੇ ਉੱਠੇ ਸਵਾਲ

Controversy Over Demolition of 125-Year-Old Temple in Pakistan’s Narowal

4 ਸਤੰਬਰ, 2026 (ਛਤਰਪਾਲ ਸਿੰਘ): ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਸਿਰਾਜ ਵਿੱਚ ਕਰੀਬ 125 ਸਾਲ ਪੁਰਾਣੇ ਮੰਦਿਰ ਦੀ ਇਮਾਰਤ ਢਹਿਣ ਦਾ ਮਾਮਲਾ ਹੁਣ ਕੌਮਾਂਤਰੀ ਪੱਧਰ ’ਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਘਟਨਾ ’ਤੇ ਚਿੰਤਾ ਪ੍ਰਗਟ ਕੀਤੀ ਗਈ ਹੈ, ਜਦਕਿ ਕਈ ਮਨੁੱਖੀ ਅਧਿਕਾਰ ਸੰਗਠਨਾਂ ਨੇ ਪਾਕਿਸਤਾਨ ਸਰਕਾਰ ਤੋਂ ਘੱਟ-ਗਿਣਤੀ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਮੰਦਿਰ ਨਾਲ ਸਬੰਧਤ ਘਟਨਾ 21 ਅਗਸਤ ਨੂੰ ਵਾਪਰੀ ਸੀ, ਪਰ ਮਾਮਲਾ 28 ਅਗਸਤ ਤੋਂ ਬਾਅਦ ਮੀਡੀਆ ਵਿੱਚ ਚਰਚਾ ਵਿੱਚ ਆਇਆ। ਇਸ ਮੁੱਦੇ ਨੂੰ ਪਾਕਿਸਤਾਨ ਮਸੀਹਾ ਮਿੱਲਤ ਪਾਰਟੀ (ਪੀ.ਐੱਮ.ਐੱਮ.ਪੀ.) ਵੱਲੋਂ ਉਠਾਇਆ ਗਿਆ। ਪਾਰਟੀ ਦੇ ਵਫ਼ਦ ਨੇ ਪਿੰਡ ਸਿਰਾਜ ਦਾ ਦੌਰਾ ਕਰਕੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਮੰਦਿਰ ਦੀ ਸਥਿਤੀ ਦਾ ਜਾਇਜ਼ਾ ਲਿਆ। ਪੀ.ਐੱਮ.ਐੱਮ.ਪੀ. ਦੇ ਮੁਖੀ ਅਸਲਮ ਪਰਵੇਜ਼ ਸਹੋਤਰਾ ਨੇ ਦੋਸ਼ ਲਗਾਇਆ ਕਿ ਮੰਦਿਰ ਨੂੰ ਨੇੜਲੇ ਮਦਰੱਸੇ ਦੇ ਵਿਸਥਾਰ ਲਈ ਢਾਹਿਆ ਗਿਆ। ਉਨ੍ਹਾਂ ਮੁਤਾਬਕ ਇਸ ਪਿੱਛੇ ‘ਤਹਿਰੀਕ-ਇ-ਲਬਾਇਕ’ ਨਾਲ ਜੁੜੇ ਲੋਕਾਂ ਦੀ ਭੂਮਿਕਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ, ਪਾਕਿਸਤਾਨ ਔਕਾਫ਼ ਟਰੱਸਟ ਬੋਰਡ ਨੇ ਇਨ੍ਹਾਂ ਦੋਸ਼ਾਂ ਤੋਂ ਵੱਖਰਾ ਪੱਖ ਰੱਖਦਿਆਂ ਕਿਹਾ ਕਿ ਭਾਰੀ ਮੀਂਹ ਕਾਰਨ ਜਰਜਰ ਹੋ ਚੁੱਕੀ ਮੰਦਿਰ ਦੀ ਇਮਾਰਤ ਆਪਣੇ ਆਪ ਢਹਿ ਗਈ।

ਦੂਜੇ ਪਾਸੇ, ਸਹੋਤਰਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੰਦਿਰ ਦੀ ਇਮਾਰਤ ਢਾਹੇ ਜਾਣ ਤੋਂ ਬਾਅਦ ਇਸ ਦੀਆਂ ਇੱਟਾਂ, ਦਰਵਾਜ਼ਿਆਂ ਦੀਆਂ ਚੁਗਾਠਾਂ, ਸਿਖਰ ਅਤੇ ਅੰਦਰ ਲੱਗੇ ਕੀਮਤੀ ਪੱਥਰ ਵੀ ਉਥੋਂ ਲਿਜਾਏ ਗਏ। ਉਨ੍ਹਾਂ ਇਹ ਵੀ ਕਿਹਾ ਕਿ ਮੰਦਿਰ ਨਾਲ ਲੱਗਦੀ ਜ਼ਮੀਨ ਮਦਰੱਸੇ ਦੇ ਵਿਸਥਾਰ ਲਈ ਲੀਜ਼ ’ਤੇ ਦਿੱਤੀ ਗਈ ਸੀ, ਪਰ ਨਿਰਧਾਰਤ ਰਕਮ ਦੀਆਂ ਕਿਸ਼ਤਾਂ ਸਮੇਂ ਸਿਰ ਨਾ ਮਿਲਣ ਕਾਰਨ ਲੀਜ਼ ਰੱਦ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਔਕਾਫ਼ ਬੋਰਡ ਦੀ ਭੂਮਿਕਾ ’ਤੇ ਵੀ ਸਵਾਲ ਉੱਠ ਰਹੇ ਹਨ। ਦੱਸਿਆ ਗਿਆ ਹੈ ਕਿ ਮਦਰੱਸੇ ਦੀ ਲੀਜ਼ ਰੱਦ ਕਰਨ ਸਬੰਧੀ ਨਾਰੋਵਾਲ ਦੇ ਅਧਿਕਾਰੀਆਂ ਦੇ ਹੁਕਮ 29 ਜਨਵਰੀ 2026 ਨੂੰ ਔਕਾਫ਼ ਦੇ ਅਮਲੇ ਨੂੰ ਮਿਲ ਚੁੱਕੇ ਸਨ। ਇਸ ਦੇ ਬਾਵਜੂਦ ਮੰਦਿਰ ਦੀ ਸੁਰੱਖਿਆ ਲਈ ਸਮੇਂ ਸਿਰ ਕਦਮ ਨਾ ਚੁੱਕਣ ਦੇ ਦੋਸ਼ ਲਗਾਏ ਜਾ ਰਹੇ ਹਨ। ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਵੀ ਮੰਦਿਰ ਢਹਿਣ ਨੂੰ ਭਾਰੀ ਮੀਂਹ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਮੰਦਿਰ ਦੀ ਮੁੜ ਉਸਾਰੀ ਸਰਕਾਰੀ ਖ਼ਰਚੇ ’ਤੇ ਕਰਵਾਈ ਜਾਵੇਗੀ। ਇਸ ਪੂਰੇ ਮਾਮਲੇ ਨੇ ਪਾਕਿਸਤਾਨ ਵਿੱਚ ਘੱਟ-ਗਿਣਤੀ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਅਤੇ ਸਰਕਾਰੀ ਤੰਤਰ ਦੀ ਜਵਾਬਦੇਹੀ ਬਾਰੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਰੋਧੀ ਧਿਰਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਦਾ ਮੰਨਣਾ ਹੈ ਕਿ ਸਿਰਾਜ ਮੰਦਿਰ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਕਾਰਨਾਂ ਅਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਹੋ ਸਕੇ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments