ਪਟਿਆਲਾ 2 ਸਤੰਬਰ, 2026 (ਦੀਪਕ ਦੱਤਾ) : ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ’ਚ ਪੁਸਤਕ ਰੁਚੀ ਪ੍ਰਫੁੱਲਿਤ ਕਰਨ ਹਿੱਤ ਚਲਾਈ ਮੁਹਿੰਮ ਤਹਿਤ ਅੱਜ ਮਹੀਨਾਵਾਰ ‘ਪੁਸਤਕ ਮਿਲਣੀ’ ਕਰਵਾਈ। ਜਿਸ ਦੌਰਾਨ ਉੱਘੇ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਡਿਜੀਟਲ ਯੁੱਗ ’ਚ ਕਿਤਾਬਾਂ ਹਰ ਥਾਂ ਸਾਡੇ ਅੰਗ-ਸੰਗ ਰਹਿੰਦੀਆਂ ਹਨ ਜਿਸ ਕਰਕੇ ਪੜ੍ਹਨੀਆਂ ਬਹੁਤ ਸੌਖੀਆਂ ਹੋ ਗਈਆਂ ਹਨ। ਇਹਨਾਂ ਨੂੰ ਅਸੀਂ ਕਿਸੇ ਵੀ ਸਮੇਂ ਤੇ ਕਿਸੇ ਵੀ ਥਾਂ ਫੋਨ ਜਾਂ ਆਈਪੈਡ ਜ਼ਰੀਏ ਪੜ੍ਹ ਸਕਦੇ ਹਾਂ, ਲੋੜ ਹੈ ਸਿਰਫ਼ ਰੁਚੀ ਦੀ। ਪ੍ਰੋ. ਹਰਪਾਲ ਸਿੰਘ ਪੰਨੂ ਵਰਗੀਆਂ ਸ਼ਖ਼ਸੀਅਤਾਂ ਪੁਸਤਕਾਂ ਪੜ੍ਹ-ਪੜ੍ਹ ਕੇ ਖ਼ੁਦ ਗਿਆਨ ਦਾ ਸਮੁੰਦਰ ਬਣ ਗਈਆਂ ਹਨ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਲੋਕਾਂ ਅੱਗੇ ਖ਼ੁਦ ਮਿਸਾਲ ਬਣਨ।

ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਅਸੀਂ ਉਸ ਧਰਤੀ ਦੇ ਜਾਏ ਹਾਂ ਜਿੱਥੋਂ ਦੇ ਪੁਰਖਿਆਂ ਨੇ ਉਸ ਵੇਲੇ ਵੇਦਾਂ ਦੀ ਰਚਨਾ ਕਰ ਦਿੱਤੀ ਸੀ ਜਦੋਂ ਬਾਕੀ ਦੁਨੀਆ ਨੂੰ ਅਜੇ ਲਿਬਾਸ ਪਹਿਨਣ ਦੀ ਸੋਝੀ ਨਹੀਂ ਸੀ। ਇਸ ਕਰਕੇ ਇਹ ਗੱਲ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਸਾਡੇ ਵੱਡੇ-ਵਡੇਰੇ ਬੌਧਿਕ ਪੱਖੋਂ ਬਹੁਤ ਅਮੀਰ ਸਨ। ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਆਪਣੀ ਵਿਦਵਤਾ ਭਰੀ ਵਿਰਾਸਤ ਨੂੰ ਸੰਭਾਲਣ ਤੇ ਇਸ ਦਾ ਲਾਭ ਲੈਣ ’ਚ ਬਹੁਤ ਘੱਟ ਰੁਚੀ ਦਿਖਾ ਰਹੇ ਹਾਂ। ਹੋਰ ਤਾਂ ਹੋਰ ਆਪਣੀ ਬੌਧਿਕ ਵਿਰਾਸਤ ’ਤੇ ਹੱਕ ਜਿਤਾਉਣ ਤੋਂ ਵੀ ਗੁਰੇਜ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਖਿੱਤੇ ’ਚ ਅਜਿਹੇ ਮਹਾਨ ਗ੍ਰੰਥ ਰਚੇ ਗਏ ਹਨ, ਜਿੰਨਾਂ ਤੋਂ ਅਨੇਕ ਗ੍ਰੰਥਾਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਅਸੀਂ ਆਪਣੇ ਬਹੁਤ ਸਾਰੇ ਅਜਿਹੇ ਗ੍ਰੰਥਾਂ ਤੋਂ ਅਣਜਾਣ ਹਾਂ, ਜਿੰਨਾਂ ਦਾ ਵਿਦੇਸ਼ੀ ਵਿਦਵਾਨਾਂ ਨੇ ਆਪਣੀਆਂ ਭਾਸ਼ਾਵਾਂ ’ਚ ਤਰਜ਼ਮਾ ਕਰਕੇ ਮੁੱਲ ਪਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਵਰਗੇ ਦਾਨਿਸ਼ਵਰਾਂ ਦੇ ਵਾਰਿਸ ਹਾਂ ਜਿੰਨਾਂ ਨੇ ਹਮੇਸ਼ਾਂ ਆਪਣੇ ਨਾਲ ਕਲਮ, ਦਵਾਤ ਤੇ ਲਿਖਣ ਲਈ ਪੱਤਰੇ ਰੱਖੇ। ਪੁਸਤਕਾਂ ਪੜ੍ਹਨ ਬਾਰੇ ਉਨ੍ਹਾਂ ਕਿਹਾ ਕਿ ਕਿਤਾਬ ਇੱਕ ਅਜਿਹਾ ਖਜ਼ਾਨਾ ਹੁੰਦੀ ਹੈ ਜਿਸ ਦੀ ਸਿਰਜਣਾ ਇੱਕ ਵਿਦਵਾਨ ਵਿਅਕਤੀ ਬਹੁਤ ਸਾਰਾ ਗਿਆਨ ਇਕੱਠਾ ਕਰਕੇ ਕਰਦਾ ਹੈ। ਇਸ ਕਰਕੇ ਚੰਗੇ ਗੀਤ ਵਾਂਗ ਚੰਗੀ ਪੁਸਤਕ ਵਾਰ-ਵਾਰ ਪੜ੍ਹਨੀ ਚਾਹੀਦੀ ਹੈ ਜੋ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ। ਅਖ਼ੀਰ ’ਚ ਪ੍ਰੋ. ਹਰਪਾਲ ਸਿੰਘ ਪੰਨੂ ਦਾ ਵਿਭਾਗੀ ਸ਼ਾਲ ਤੇ ਕਿਤਾਬਾਂ ਦੇ ਸੈੱਟ ਨਾਲ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਵਿਭਾਗ ਦੀ ਵਧੀਕ ਡਾਇਰੈਕਟਰ ਚੰਦਨਦੀਪ ਕੌਰ, ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਜਸਪ੍ਰੀਤ ਕੌਰ, ਸੁਰਿੰਦਰ ਕੌਰ, ਇਸ ਮੌਕੇ ਪਦਮਸ਼੍ਰੀ ਪ੍ਰਾਣ ਸੱਭਰਵਾਲ, ਇੰਜੀ. ਜੋਤਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਮੰਜੂ ਮਿੱਢਾ ਅਰੋੜਾ, ਸ਼ਾਇਰ ਅਵਤਾਰਜੀਤ ਸਿੰਘ, ਅੰਮ੍ਰਿਤਪਾਲ ਸ਼ੈਦਾ, ਗੁਰਮੀਤ ਸਿੰਘ ਤੇ ਗਾਇਕ ਨੀਲੇ ਖਾਂ ਸਮੇਤ ਵੱਡੀ ਗਿਣਤੀ ’ਚ ਸਰੋਤੇ ਹਾਜ਼ਰ ਸਨ।







