ਤਹਿਰਾਨ, 2 ਸਤੰਬਰ 2026 (ਰਾਜੇਸ਼ ਕੁਮਾਰ): ਇਰਾਨ ਦੀ ਸਰਕਾਰੀ ਖ਼ਬਰ ਏਜੰਸੀ IRNA ਮੁਤਾਬਕ ਖੁਜ਼ੇਸਤਾਨ ਸੂਬੇ ਵਿੱਚ ਅਮਰੀਕਾ ਵੱਲੋਂ ਕੀਤੇ ਗਏ ਮਿਜ਼ਾਈਲ ਹਮਲਿਆਂ ਵਿੱਚ 7 ਲੋਕਾਂ ਦੀ ਮੌਤ ਅਤੇ 8 ਹੋਰਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਖੁਜ਼ੇਸਤਾਨ ਦੇ ਗਵਰਨਰੇਟ ਦੇ ਸੁਰੱਖਿਆ ਅਤੇ ਕਾਨੂੰਨ–ਵਿਵਸਥਾ ਮਾਮਲਿਆਂ ਦੇ ਡਿਪਟੀ ਮੁਖੀ ਨੇ ਹਮਲੇ ਵਿੱਚ ਸੱਤ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਸਨਾ ਸਥਿਤ ਹੂਥੀ–ਨਿਯੰਤਰਿਤ ਵਿਦੇਸ਼ ਮੰਤਰਾਲੇ ਨੇ ਇਰਾਨ ’ਤੇ ਅਮਰੀਕੀ ਹਮਲਿਆਂ ਦੀ ਨਿੰਦਾ ਕਰਦਿਆਂ ਤਹਿਰਾਨ ਨਾਲ ਇਕਜੁੱਟਤਾ ਪ੍ਰਗਟਾਈ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਹੂਥੀਆਂ ਨੇ ਉਨ੍ਹਾਂ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਜੋ ਆਪਣੀ ਧਰਤੀ ’ਤੇ ਅਮਰੀਕੀ ਫੌਜਾਂ ਨੂੰ ਠਿਕਾਣੇ ਜਾਂ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ।
ਹੂਥੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਹਮਲੇ ਇਰਾਨ ਦੇ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਦੇ ਅਤੇ ਤਹਿਰਾਨ ਵੱਲੋਂ ਜਵਾਬੀ ਕਾਰਵਾਈ ਕਰਨਾ ਅੰਤਰਰਾਸ਼ਟਰੀ ਕਾਨੂੰਨ ਤਹਿਤ ਉਸ ਦਾ ਹੱਕ ਹੈ। ਹੂਥੀਆਂ ਨੇ ਦੋਸ਼ ਲਗਾਇਆ ਕਿ ਅਮਰੀਕਾ ਖੇਤਰ ਨੂੰ ਹੋਰ ਤਣਾਅ ਵੱਲ ਧੱਕ ਰਿਹਾ ਹੈ ਅਤੇ ਇਸ ਦੇ ਨਤੀਜਿਆਂ ਲਈ ਵਾਸ਼ਿੰਗਟਨ ਦੇ ਨਾਲ ਉਸ ਦਾ ਸਮਰਥਨ ਕਰਨ ਵਾਲੇ ਦੇਸ਼ ਵੀ ਜ਼ਿੰਮੇਵਾਰ ਹੋਣਗੇ। ਹੂਥੀਆਂ ਨੇ ਖਾਸ ਤੌਰ ’ਤੇ ਕਿਹਾ ਕਿ ਜਿਹੜੇ ਦੇਸ਼ ਆਪਣੀ ਜ਼ਮੀਨ ਨੂੰ ਅਮਰੀਕੀ ਹਮਲਿਆਂ ਲਈ ਪਲੇਟਫਾਰਮ ਵਜੋਂ ਵਰਤਣ ਦੀ ਇਜਾਜ਼ਤ ਦੇ ਰਹੇ ਹਨ, ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ Truth Social ’ਤੇ ਦਾਅਵਾ ਕੀਤਾ ਕਿ ਅਮਰੀਕਾ ਦਾ ਹੋਰਮੁਜ਼ ਜਲਡਮਰੂਮੱਧ ’ਤੇ ਲਗਭਗ ਪੂਰਾ ਕੰਟਰੋਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਰਾਨ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਡਿੱਗ ਰਹੀ ਹੈ। ਟਰੰਪ ਨੇ ਇਰਾਨ ਨਾਲ ਗੱਲਬਾਤ ਲਈ ਦਬਾਅ ਬਣਾਉਣ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ ਅਤੇ ਇਰਾਨੀ ਲੋਕਾਂ ਨੂੰ ਆਪਣੀ ਸਰਕਾਰ ਖ਼ਿਲਾਫ਼ ਆਵਾਜ਼ ਉਠਾਉਣ ਲਈ ਕਿਹਾ। IRIB ਮੁਤਾਬਕ ਇਰਾਨ ਦੇ ਦੱਖਣ–ਪੱਛਮੀ ਸ਼ਹਿਰਾਂ ਅਹਵਾਜ਼ ਅਤੇ ਅਘਾਜਾਰੀ ਦੇ ਨੇੜੇ ਵੀ ਮਿਜ਼ਾਈਲ ਹਮਲਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਖੁਜ਼ੇਸਤਾਨ ਦੇ ਸੁਰੱਖਿਆ ਅਤੇ ਕਾਨੂੰਨ–ਵਿਵਸਥਾ ਮਾਮਲਿਆਂ ਦੇ ਡਿਪਟੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਸ਼ਹਿਰਾਂ ਦੇ ਆਸ–ਪਾਸ ਦੋ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਅਮਰੀਕਾ ਨੇ ਇਰਾਨੀ ਫੌਜੀ ਟਿਕਾਣਿਆਂ ਖ਼ਿਲਾਫ਼ ਹਮਲਿਆਂ ਦੀ ਇੱਕ ਲਹਿਰ ਪੂਰੀ ਕੀਤੀ ਹੈ। ਇਨ੍ਹਾਂ ਕਾਰਵਾਈਆਂ ਵਿੱਚ ਹਵਾਈ ਰੱਖਿਆ ਪ੍ਰਣਾਲੀਆਂ, ਮਾਈਨ ਵਿਛਾਉਣ ਦੀ ਸਮਰੱਥਾ ਅਤੇ ਸੰਚਾਰ ਕੇਂਦਰਾਂ ਸਮੇਤ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਹੈ। ਦੂਜੇ ਪਾਸੇ, ਇਰਾਨ ਦੀ IRNA ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਹਮਲਿਆਂ ਦੇ ਜਵਾਬ ਵਿੱਚ IRGC ਦੀ ਏਅਰੋਸਪੇਸ ਫੋਰਸ ਨੇ ਜਾਰਡਨ ਸਥਿਤ ਪ੍ਰਿੰਸ ਹਸਨ ਏਅਰ ਬੇਸ ’ਤੇ ਬੈਲਿਸਟਿਕ ਮਿਜ਼ਾਈਲ ਹਮਲਾ ਕੀਤਾ। ਇਰਾਨੀ ਏਜੰਸੀ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ RQ-4 ਅਤੇ MQ-9 ਡਰੋਨਾਂ ਦੇ ਹੈਂਗਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਡਰੋਨ ਤਬਾਹ ਹੋਣ ਦੇ ਨਾਲ ਕਈ ਪਾਇਲਟਾਂ ਅਤੇ ਫਲਾਈਟ ਕਰੂ ਦੀ ਮੌਤ ਹੋਈ। ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।







