ਕੁਰੂਕਸ਼ੇਤਰ, 1 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਰੱਖਣ ਵਾਲੇ ਧਾਰਮਿਕ ਸਥਾਨ ਕੁਰੂਕਸ਼ੇਤਰ ਵਿੱਚ ਬ੍ਰਹਮ ਸਰੋਵਰ ਸਮੇਤ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਸੁੰਦਰੀਕਰਨ ਅਤੇ ਸ਼ਰਧਾਲੂਆਂ ਲਈ ਸਹੂਲਤਾਂ ਦੇ ਵਿਸਥਾਰ ਲਈ ਸੂਬਾ ਸਰਕਾਰ ਨੇ ਵਿਆਪਕ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਤਹਿਤ ਵੱਖ-ਵੱਖ ਵਿਕਾਸ ਅਤੇ ਸੁੰਦਰੀਕਰਨ ਕਾਰਜਾਂ ਨੂੰ ਪੜਾਅਵਾਰ ਢੰਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਕਈ ਕੰਮਾਂ ਦੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ, ਜਦਕਿ ਰੈਸਟ ਹਾਊਸ ਸਮੇਤ ਹੋਰ ਕੰਮ ਟੈਂਡਰ ਪ੍ਰਕਿਰਿਆ ਅਧੀਨ ਹਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਥਾਨੇਸਰ ਦੇ ਵਿਧਾਇਕ ਅਸ਼ੋਕ ਅਰੋੜਾ ਵੱਲੋਂ ਬ੍ਰਹਮ ਸਰੋਵਰ, ਕੁਰੂਕਸ਼ੇਤਰ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕ ਅਸ਼ੋਕ ਅਰੋੜਾ ਨੇ ਬ੍ਰਹਮ ਸਰੋਵਰ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਪਹਿਲਾਂ ਵੀ ਇਹ ਮੁੱਦਾ ਉਠਾਇਆ ਸੀ। ਸਬੰਧਤ ਮੰਤਰੀ ਵੱਲੋਂ ਇਸ ਬਾਰੇ ਸਦਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬ੍ਰਹਮ ਸਰੋਵਰ ਅਤੇ ਇਸ ਦੇ ਆਸ-ਪਾਸ ਦੇ ਖੇਤਰ ਦੇ ਸੁੰਦਰੀਕਰਨ ਲਈ ਪੂਰੀ ਯੋਜਨਾ ਤਿਆਰ ਕੀਤੀ ਹੈ। ਰੈਸਟ ਹਾਊਸ ਸਮੇਤ ਵੱਖ-ਵੱਖ ਕੰਮ ਟੈਂਡਰ ਪ੍ਰਕਿਰਿਆ ਵਿੱਚ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਯੋਜਨਾਬੱਧ ਢੰਗ ਨਾਲ ਇਨ੍ਹਾਂ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੁਰੂਕਸ਼ੇਤਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ ਸਨ। ਕੁਰੂਕਸ਼ੇਤਰ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਦੇ ਸਮੁੱਚੇ ਵਿਕਾਸ ਅਤੇ ਸੁੰਦਰੀਕਰਨ ਲਈ ਪੂਰੀ ਕਾਰਜ ਯੋਜਨਾ ਤਿਆਰ ਕੀਤੀ ਹੈ ਅਤੇ ਇਸੇ ਅਨੁਸਾਰ ਕੰਮ ਅੱਗੇ ਵਧਾਏ ਜਾ ਰਹੇ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਦੇ ਰੇਲਵੇ ਐਲੀਵੇਟਿਡ ਟਰੈਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮਨੋਹਰ ਲਾਲ ਮੁੱਖ ਮੰਤਰੀ ਸਨ ਅਤੇ ਉਹ ਖੁਦ ਸੰਸਦ ਮੈਂਬਰ ਸਨ, ਉਸ ਸਮੇਂ ਇਸ ਪ੍ਰਾਜੈਕਟ ਸਬੰਧੀ ਗੱਲ ਰੱਖੀ ਗਈ ਸੀ। ਅੱਜ ਰੇਲਵੇ ਐਲੀਵੇਟਿਡ ਟਰੈਕ ਬਣ ਕੇ ਤਿਆਰ ਹੋ ਚੁੱਕਾ ਹੈ। ਇਸ ਪ੍ਰਾਜੈਕਟ ਨਾਲ ਸ਼ਹਿਰ ਨੂੰ ਰੇਲਵੇ ਫਾਟਕਾਂ ਦੀ ਸਮੱਸਿਆ ਤੋਂ ਮੁਕਤੀ ਮਿਲੀ ਹੈ ਅਤੇ ਸ਼ਹਿਰ ਦੀ ਕਨੈਕਟੀਵਿਟੀ ਵੀ ਬਿਹਤਰ ਹੋਈ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਰੇਲਵੇ ਐਲੀਵੇਟਿਡ ਟਰੈਕ ਦਾ ਤੇਜ਼ੀ ਨਾਲ ਨਿਰਮਾਣ ਕਰਨਾ ਸ਼ਲਾਘਾਯੋਗ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕੁਰੂਕਸ਼ੇਤਰ ਦੀ ਧਾਰਮਿਕ ਅਤੇ ਇਤਿਹਾਸਕ ਸ਼ਾਨ ਦੇ ਅਨੁਸਾਰ ਇਸ ਦੇ ਵਿਕਾਸ, ਸੁੰਦਰੀਕਰਨ ਅਤੇ ਸ਼ਰਧਾਲੂਆਂ ਲਈ ਸਹੂਲਤਾਂ ਦੇ ਵਿਸਥਾਰ ਲਈ ਲਗਾਤਾਰ ਕੰਮ ਕਰ ਰਹੀ ਹੈ।






