ਨਵੀਂ ਦਿੱਲੀ, 1 ਸਤੰਬਰ 2026 (ਰਾਜੇਸ਼ ਕੁਮਾਰ) : ਮਹੀਨੇ ਦੀ ਸ਼ੁਰੂਆਤ ਨਾਲ ਹੀ LPG ਦੀਆਂ ਕੀਮਤਾਂ ਵਿੱਚ ਬਦਲਾਅ ਹੋਇਆ ਹੈ। 1 ਸਤੰਬਰ ਤੋਂ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ਔਸਤਨ 11.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 5 ਕਿਲੋ ਵਾਲੇ LPG ਸਿਲੰਡਰ ਦੀ ਕੀਮਤ ਵੀ 2 ਰੁਪਏ ਵਧ ਗਈ ਹੈ। ਨਵੀਆਂ ਕੀਮਤਾਂ ਮੁਤਾਬਕ ਕੋਲਕਾਤਾ ਵਿੱਚ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਹੁਣ 2,884 ਰੁਪਏ ਹੋ ਗਈ ਹੈ, ਜੋ ਪਹਿਲਾਂ 2,872.50 ਰੁਪਏ ਸੀ। ਦਿੱਲੀ ਵਿੱਚ ਇਸ ਦੀ ਕੀਮਤ 2,747.50 ਰੁਪਏ, ਮੁੰਬਈ ਵਿੱਚ 2,701 ਰੁਪਏ ਅਤੇ ਚੇਨਈ ਵਿੱਚ 2,916.50 ਰੁਪਏ ਹੋ ਗਈ ਹੈ। 5 ਕਿਲੋ ਵਾਲੇ LPG ਸਿਲੰਡਰ ਦੇ ਰੇਟ ਵਿੱਚ ਵੀ 2 ਰੁਪਏ ਦਾ ਵਾਧਾ ਹੋਇਆ ਹੈ। ਹੁਣ ਇਸ ਨੂੰ ਰੀਫਿਲ ਕਰਵਾਉਣ ਲਈ 764 ਰੁਪਏ ਅਦਾ ਕਰਨੇ ਪੈਣਗੇ। ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਣ ਨਾਲ ਰੈਸਟੋਰੈਂਟ, ਢਾਬਿਆਂ ਅਤੇ ਕੈਟਰਿੰਗ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ। ਇਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਚਾਹ, ਨਾਸ਼ਤੇ, ਖਾਣੇ ਅਤੇ ਵਿਆਹ ਸਮਾਗਮਾਂ ਦੀ ਕੈਟਰਿੰਗ ਦੀਆਂ ਕੀਮਤਾਂ ’ਤੇ ਵੀ ਪੈ ਸਕਦਾ ਹੈ। ਇਸ ਤੋਂ ਇਲਾਵਾ LPG ਕੁਨੈਕਸ਼ਨ ਦੀ e-KYC ਪ੍ਰਕਿਰਿਆ ਨੂੰ ਲੈ ਕੇ ਵੀ ਖਪਤਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ। ਜਿਨ੍ਹਾਂ ਖਪਤਕਾਰਾਂ ਨੇ e-KYC ਪੂਰੀ ਨਹੀਂ ਕੀਤੀ, ਉਨ੍ਹਾਂ ਨੂੰ ਸਬਸਿਡੀ ਨਾਲ ਸਬੰਧਤ ਲਾਭ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ। e-KYC ਪੂਰੀ ਕਰਨ ਦੀ ਪਹਿਲਾਂ ਨਿਰਧਾਰਤ ਆਖਰੀ ਮਿਤੀ 31 ਅਗਸਤ ਸੀ।







