ਚੇਨਈ, 31 ਅਗਸਤ, 2026 (ਅਮਨਦੀਪ ਸਰਾਂ) : ਤਾਮਿਲਨਾਡੂ ਦੇ ਮੁੱਖ ਮੰਤਰੀ ਜੋਸਫ਼ ਵਿਜੇ ਨੇ ਸੋਮਵਾਰ ਨੂੰ ਦੁੱਧ ਉਤਪਾਦਕਾਂ ਲਈ ਦੁੱਧ ਦੀ ਖਰੀਦ ਕੀਮਤ ਵਧਾ ਕੇ ₹44 ਪ੍ਰਤੀ ਲੀਟਰ ਕਰਨ ਦਾ ਐਲਾਨ ਕੀਤਾ। ਇਸ ਨਾਲ ਦੁੱਧ ਦੀ ਖਰੀਦ ਕੀਮਤ ਵਿੱਚ ਕੁੱਲ ₹6 ਦਾ ਵਾਧਾ ਹੋ ਗਿਆ ਹੈ। ਸਰਕਾਰ ਮੁਤਾਬਕ ਵਧਦੀਆਂ ਉਤਪਾਦਨ ਲਾਗਤਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਇਸ ਨਾਲ ਸੂਬੇ ਦੇ 3.16 ਲੱਖ ਤੋਂ ਵੱਧ ਦੁੱਧ ਉਤਪਾਦਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਚੇਨਈ ਵਿੱਚ ਬਿਜਲੀ ਸਪਲਾਈ ਨੂੰ ਬਿਹਤਰ ਬਣਾਉਣ ਲਈ ₹1,762 ਕਰੋੜ ਦੀ ਲਾਗਤ ਨਾਲ ਨਵਾਂ ਬਿਜਲੀ ਕੌਰੀਡੋਰ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਕਾਂਚੀਪੁਰਮ ਜ਼ਿਲ੍ਹੇ ਦੇ ਮਦੁਰਾਮੰਗਲਮ ਵਿੱਚ ਸੈਮੀਕੰਡਕਟਰ ਪਾਰਕ ਸਥਾਪਤ ਕਰਨ ਦੀ ਯੋਜਨਾ ਵੀ ਦੱਸੀ ਗਈ ਹੈ। ਉੱਧਰ, ਮੁੰਬਈ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ। ਬੰਬੇ ਮਿਲਕ ਪ੍ਰੋਡਿਊਸਰਜ਼ ਐਸੋਸੀਏਸ਼ਨ ਨੇ 1 ਸਤੰਬਰ ਤੋਂ ਥੋਕ ਦੁੱਧ ਦੀ ਕੀਮਤ ₹93 ਤੋਂ ਵਧਾ ਕੇ ₹102 ਪ੍ਰਤੀ ਲੀਟਰ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਂ ਕੀਮਤ 28 ਫਰਵਰੀ 2027 ਤੱਕ ਲਾਗੂ ਰਹੇਗੀ।







