ਹੈਦਰਾਬਾਦ (ਤੇਲੰਗਾਨਾ), 31 ਅਗਸਤ, 2026 (ਕਾਜਲ) : ਗਣੇਸ਼ ਚਤੁਰਥੀ ਦੇ ਤਿਉਹਾਰ ਤੋਂ ਕੁਝ ਹਫ਼ਤੇ ਪਹਿਲਾਂ ਅਦਾਕਾਰ ਚਿਰੰਜੀਵੀ ਨੇ ਵਾਤਾਵਰਣ ਦੀ ਸੰਭਾਲ ਲਈ ਲੋਕਾਂ ਨੂੰ ਈਕੋ-ਫ੍ਰੈਂਡਲੀ ਗਣੇਸ਼ ਬੁੱਤ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਐਤਵਾਰ ਨੂੰ ਹੈਦਰਾਬਾਦ ਸਥਿਤ ਆਪਣੀ ਰਿਹਾਇਸ਼ ’ਤੇ ‘ਗ੍ਰੀਨ ਇੰਡੀਆ ਚੈਲੈਂਜ’ ਵੱਲੋਂ ਤਿਆਰ ਕੀਤੇ ਗਏ ‘ਸੀਡ ਗਣੇਸ਼’ ਬੁੱਤਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗ੍ਰੀਨ ਇੰਡੀਆ ਚੈਲੈਂਜ ਦੇ ਸੰਸਥਾਪਕ ਅਤੇ ਸਾਬਕਾ ਸੰਸਦ ਮੈਂਬਰ ਜੇ. ਸੰਤੋਸ਼ ਕੁਮਾਰ ਵੀ ਮੌਜੂਦ ਸਨ। ਇਸ ਮੁਹਿੰਮ ਦਾ ਮਕਸਦ ਗਣੇਸ਼ ਚਤੁਰਥੀ ਦੌਰਾਨ ਕੁਦਰਤੀ ਸਮੱਗਰੀ ਨਾਲ ਬਣੇ ਬੁੱਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਇਨ੍ਹਾਂ ‘ਸੀਡ ਗਣੇਸ਼’ ਬੁੱਤਾਂ ਨੂੰ ਕੁਦਰਤੀ ਮਿੱਟੀ, ਕੋਕੋਪੀਟ ਅਤੇ ਨਾਰੀਅਲ ਦੇ ਰੇਸ਼ੇ ਵਰਗੀ ਸਮੱਗਰੀ ਨਾਲ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਨਿੰਮ ਅਤੇ ਇਮਲੀ ਵਰਗੇ ਦੇਸੀ ਰੁੱਖਾਂ ਦੇ ਬੀਜ ਵੀ ਸ਼ਾਮਲ ਕੀਤੇ ਜਾਂਦੇ ਹਨ, ਤਾਂ ਜੋ ਬੁੱਤ ਦੇ ਵਿਸਰਜਨ ਤੋਂ ਬਾਅਦ ਰੁੱਖ ਲਗਾਉਣ ਦੀ ਪ੍ਰਕਿਰਿਆ ਨੂੰ ਉਤਸ਼ਾਹ ਮਿਲ ਸਕੇ।
ਚਿਰੰਜੀਵੀ ਨੇ ਗਣੇਸ਼ ਚਤੁਰਥੀ ਦੌਰਾਨ ਪਲਾਸਟਰ ਆਫ਼ ਪੈਰਿਸ (PoP) ਨਾਲ ਬਣੇ ਬੁੱਤਾਂ ਦੀ ਵਰਤੋਂ ਕਾਰਨ ਪਾਣੀ ਦੇ ਸਰੋਤਾਂ ਨੂੰ ਹੋਣ ਵਾਲੇ ਪ੍ਰਦੂਸ਼ਣ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਤਿਉਹਾਰ ਖੁਸ਼ੀਆਂ ਦੇ ਨਾਲ-ਨਾਲ ਹਰ ਘਰ ਲਈ ਸਿਹਤ ਅਤੇ ਭਗਵਾਨ ਦਾ ਆਸ਼ੀਰਵਾਦ ਲੈ ਕੇ ਆਉਣਾ ਚਾਹੀਦਾ ਹੈ। ਅਦਾਕਾਰ ਨੇ ਲੋਕਾਂ ਨੂੰ ਪੂਜਾ ਤੋਂ ਬਾਅਦ ਬੁੱਤ ਦਾ ਘਰ ਵਿੱਚ ਹੀ ਵਿਸਰਜਨ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਗਣੇਸ਼ ਜੀ ਦੀ ਪੂਜਾ ਕਰਨ ਦੇ ਨਾਲ ਰੁੱਖ ਲਗਾਉਣ ਦੀ ਜ਼ਿੰਮੇਵਾਰੀ ਵੀ ਨਿਭਾਈ ਜਾ ਸਕਦੀ ਹੈ। ਚਿਰੰਜੀਵੀ ਨੇ ਜੇ. ਸੰਤੋਸ਼ ਕੁਮਾਰ ਵੱਲੋਂ ਚਲਾਏ ਜਾ ਰਹੇ ਗ੍ਰੀਨ ਇੰਡੀਆ ਚੈਲੈਂਜ ਦੀ ਵੀ ਸ਼ਲਾਘਾ ਕੀਤੀ ਅਤੇ ਇਸ ਮੁਹਿੰਮ ਨੂੰ ‘ਯੱਗ’ ਕਰਾਰ ਦਿੱਤਾ। ਮੁਹਿੰਮ ਦੇ ਅਨੁਸਾਰ ਹੁਣ ਤੱਕ ਦੇਸ਼ ਭਰ ਵਿੱਚ ਲਗਭਗ 19.60 ਕਰੋੜ ਬੂਟੇ ਲਗਾਏ ਜਾ ਚੁੱਕੇ ਹਨ।
2020 ਵਿੱਚ ਸ਼ੁਰੂ ਹੋਈ ਸੀ ਮੁਹਿੰਮ
‘ਸੀਡ ਗਣੇਸ਼’ ਮੁਹਿੰਮ ਦੀ ਸ਼ੁਰੂਆਤ 2020 ਵਿੱਚ ਕੋਰੋਨਾ ਮਹਾਮਾਰੀ ਦੌਰਾਨ ਕੀਤੀ ਗਈ ਸੀ। ਇਸ ਤਹਿਤ ਹਰ ਸਾਲ ਲਗਭਗ 1.5 ਲੱਖ ਬੁੱਤ ਮੁਫ਼ਤ ਵੰਡੇ ਜਾਂਦੇ ਰਹੇ ਹਨ। ਇਸ ਸਾਲ ਮੁਹਿੰਮ ਤਹਿਤ ਆਮ ਲੋਕਾਂ ਤੋਂ ਇਲਾਵਾ ਹਾਊਸਿੰਗ ਸੋਸਾਇਟੀਆਂ ਅਤੇ ਮੰਦਰ ਕਮੇਟੀਆਂ ਨੂੰ ਵੀ ਵਾਤਾਵਰਣ-ਪੱਖੀ ‘ਸੀਡ ਗਣੇਸ਼’ ਬੁੱਤ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਗਣੇਸ਼ ਚਤੁਰਥੀ 2026 ਦੀ ਸ਼ੁਰੂਆਤ 14 ਸਤੰਬਰ ਤੋਂ ਹੋਵੇਗੀ। ਗ੍ਰੀਨ ਇੰਡੀਆ ਚੈਲੈਂਜ ਦੀ ਸਥਾਪਨਾ 2018 ਵਿੱਚ ਲੋਕਾਂ ਨੂੰ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਮੁਹਿੰਮ ਤਹਿਤ ਤਿੰਨ ਬੂਟੇ ਲਗਾਉਣ, ਤਿੰਨ ਸਾਲ ਤੱਕ ਉਨ੍ਹਾਂ ਦੀ ਸੰਭਾਲ ਕਰਨ ਅਤੇ ਤਿੰਨ ਹੋਰ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਦਾ ਸੰਦੇਸ਼ ਦਿੱਤਾ ਜਾਂਦਾ ਹੈ।







