ਚੰਡੀਗੜ੍ਹ, 31 ਅਗਸਤ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਕਿਆਂ ਵਿੱਚ ਇੱਕ ਅਹਿਮ ਸੰਕੇਤ ਵਜੋਂ ਦੇਖੇ ਜਾ ਰਹੇ ਘਟਨਾਕ੍ਰਮ ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਨੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। BVP ਨਾਲ ਜੁੜੀ ਜਾਣਕਾਰੀ ਮੁਤਾਬਕ SOI ਅਤੇ ABVP ਵਿਚਕਾਰ ਇਹ ਸਾਂਝ ਐਤਵਾਰ ਨੂੰ ਬਣੀ, ਜਦਕਿ PUCSC ਚੋਣਾਂ ਲਈ ਵੋਟਿੰਗ ਸੋਮਵਾਰ ਸਵੇਰੇ 9:30 ਵਜੇ ਸ਼ੁਰੂ ਹੋਣੀ ਸੀ। ਦੱਸਿਆ ਜਾ ਰਿਹਾ ਹੈ ਕਿ SOI ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਜਥੇਬੰਦੀ ਇਸ ਵਾਰ ਸਿੱਧੇ ਤੌਰ ’ਤੇ ਚੋਣ ਮੈਦਾਨ ਵਿੱਚ ਨਹੀਂ ਉਤਰ ਸਕੀ। ਇਸ ਤੋਂ ਬਾਅਦ SOI ਨੇ ABVP ਦੇ ਹੱਕ ਵਿੱਚ ਆਪਣਾ ਸਮਰਥਨ ਦੇਣ ਦਾ ਫੈਸਲਾ ਕੀਤਾ।
ਚੋਣ ਪ੍ਰਕਿਰਿਆ ਤਹਿਤ ਵੱਖ-ਵੱਖ ਵਿਭਾਗਾਂ ਵਿੱਚ ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਸਵੇਰੇ 11 ਵਜੇ ਤੋਂ ਅਹੁਦੇਦਾਰਾਂ ਦੀਆਂ ਬੈਲਟ ਬਾਕਸਾਂ ਨੂੰ ਸਬੰਧਤ ਬਲਾਕਾਂ ਦੀ ਗਰਾਊਂਡ ਫਲੋਰ ’ਤੇ ਮੌਜੂਦ ਰਿਟਰਨਿੰਗ ਅਫਸਰ ਕੋਲੋਂ ਇਕੱਠਾ ਕਰਕੇ DSW ਸਟਾਫ ਅਤੇ ਵਾਰਡਨਾਂ ਵੱਲੋਂ ਜਿਮਨੇਜ਼ੀਅਮ ਹਾਲ ਵਿੱਚ ਪਹੁੰਚਾਇਆ ਜਾਣਾ ਸੀ। ਦੁਪਹਿਰ 12 ਵਜੇ ਤੋਂ ਵਿਭਾਗੀ ਨੁਮਾਇੰਦਿਆਂ (DR) ਦੇ ਨਤੀਜੇ ਸਬੰਧਤ ਵਿਭਾਗਾਂ ਵਿੱਚ ਪ੍ਰਦਰਸ਼ਿਤ ਕੀਤੇ ਜਾਣੇ ਸਨ, ਜਦਕਿ ਅਹੁਦੇਦਾਰਾਂ ਲਈ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦਾ ਐਲਾਨ ਜਿਮਨੇਜ਼ੀਅਮ ਹਾਲ ਵਿੱਚ ਕੀਤਾ ਜਾਣਾ ਸੀ। ਚੋਣਾਂ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਸੁਰੱਖਿਆ ਵੀ ਵਧਾ ਦਿੱਤੀ ਗਈ। ਤਿੰਨਾਂ ਐਂਟਰੀ ਗੇਟਾਂ ’ਤੇ ਸਖ਼ਤ ਚੈਕਿੰਗ ਕੀਤੀ ਗਈ ਅਤੇ ਬਾਹਰੀ ਵਿਅਕਤੀਆਂ ਦੀ ਆਵਾਜਾਈ ਨੂੰ ਲੈ ਕੇ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਕੈਂਪਸ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਅਹਿਮ ਥਾਵਾਂ ’ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਅਤੇ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਤੇ ਵਿਅਕਤੀਆਂ ਦੀ ਜਾਂਚ ਕੀਤੀ ਗਈ।
SOI ਵੱਲੋਂ ABVP ਨੂੰ ਸਮਰਥਨ ਦੇਣ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ 21 ਅਗਸਤ ਦੇ ਬਿਆਨ ਤੋਂ ਕੁਝ ਦਿਨ ਬਾਅਦ ਆਇਆ ਹੈ। ਮਜੀਠੀਆ ਨੇ ਕਿਹਾ ਸੀ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਭਾਜਪਾ ਨੂੰ ਮੁੜ ਇਕੱਠੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਪੰਜਾਬ ਦੇ ਸਰਹੱਦੀ ਸੂਬਾ ਹੋਣ ਅਤੇ ਸਮਾਜਿਕ ਸਦਭਾਵਨਾ ਨੂੰ ਇਸ ਦੀਆਂ ਮੁੱਖ ਵਜ੍ਹਾਂ ਵਿੱਚੋਂ ਇੱਕ ਦੱਸਿਆ ਸੀ। ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਪੁਰਾਣੇ ਸਿਆਸੀ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੌਰ ਵਿੱਚ ਇਹ ਗਠਜੋੜ ਹੋਰ ਮਜ਼ਬੂਤ ਹੋਇਆ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਵੀ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ NDA ਤੋਂ ਹਟਣ ਤੋਂ ਬਾਅਦ 2020 ਵਿੱਚ SAD ਅਤੇ BJP ਦਾ ਗਠਜੋੜ ਟੁੱਟ ਗਿਆ ਸੀ। ਹੁਣ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਵਿੱਚ ਦੋਵਾਂ ਪਾਰਟੀਆਂ ਦੇ ਮੁੜ ਨੇੜੇ ਆਉਣ ਦੀਆਂ ਚਰਚਾਵਾਂ ਨੇ ਇੱਕ ਵਾਰ ਫਿਰ ਸਿਆਸੀ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ।







