ਵਾਸ਼ਿੰਗਟਨ, 10 ਅਗਸਤ, 2026 (ਹਰਸ਼ਪ੍ਰੀਤ ਕੌਰ) : ਅਮਰੀਕਾ ਦੇ ਐਰੀਜ਼ੋਨਾ ਸੂਬੇ ਦੇ ਟਕਸਨ ਵਿੱਚ ਆਪਣੀ ਪ੍ਰੇਮਿਕਾ ਦੇ ਕਤਲ ਦੇ ਮਾਮਲੇ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਉਹ ਜਰਮਨੀ ਰਾਹੀਂ ਭਾਰਤ ਜਾਣ ਦੀ ਕੋਸ਼ਿਸ਼ ਵਿੱਚ ਸੀ। ਟਕਸਨ ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਦਿਆਰਥੀ ਦੀ ਪਛਾਣ 20 ਸਾਲਾ ਵਰੁਣ ਬਾਚਿਗਾਰੀ ਵਜੋਂ ਹੋਈ ਹੈ, ਜੋ ਯੂਨੀਵਰਸਿਟੀ ਆਫ ਐਰੀਜ਼ੋਨਾ ਵਿੱਚ ਬਿਜ਼ਨਸ ਐਨਾਲਿਟਿਕਸ ਦੀ ਪੜ੍ਹਾਈ ਕਰ ਰਿਹਾ ਸੀ।
ਪੁਲਿਸ ਅਨੁਸਾਰ 6 ਅਗਸਤ ਨੂੰ ਟਕਸਨ ਦੇ ਇੱਕ ਅਪਾਰਟਮੈਂਟ ਵਿੱਚ 19 ਸਾਲਾ ਜੂਲਿਸਾ ਰੂਬੀ ਸਾਲਾਜ਼ਾਰ ਦਾ ਕਤਲ ਹੋਇਆ ਸੀ। ਜਾਂਚ ਦੌਰਾਨ ਬਾਚਿਗਾਰੀ ਖ਼ਿਲਾਫ਼ ਕਤਲ ਅਤੇ ਅਗਵਾ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ। ਜਾਂਚ ਏਜੰਸੀਆਂ ਮੁਤਾਬਕ ਬਾਚਿਗਾਰੀ ਟਕਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਰਮਨੀ ਲਈ ਰਵਾਨਾ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸਦੀ ਯੋਜਨਾ ਜਰਮਨੀ ਤੋਂ ਭਾਰਤ ਜਾਣ ਦੀ ਸੀ। ਟਕਸਨ ਪੁਲਿਸ ਨੇ ਬਰਲਿਨ ਪੁਲਿਸ ਨਾਲ ਤਾਲਮੇਲ ਕਰਕੇ ਉਸਨੂੰ ਜਰਮਨੀ ਪਹੁੰਚਣ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ ‘ਤੇ ਪੀੜਤਾ ਦਾ ਮੋਬਾਈਲ ਫ਼ੋਨ ਅਤੇ ਕ੍ਰੈਡਿਟ ਕਾਰਡ ਆਪਣੇ ਕੋਲ ਰੱਖ ਲਿਆ। ਇਸ ਤੋਂ ਇਲਾਵਾ, ਮਾਮਲਾ ਲੁਕਾਉਣ ਦੀ ਕੋਸ਼ਿਸ਼ ਵਿੱਚ ਉਸ ਨੇ ਕਥਿਤ ਤੌਰ ‘ਤੇ ਪੀੜਤਾ ਬਣ ਕੇ ਉਸਦੀ ਮਾਂ ਨੂੰ ਕਈ ਸੁਨੇਹੇ ਭੇਜੇ। ਇਨ੍ਹਾਂ ਸੁਨੇਹਿਆਂ ਕਾਰਨ ਪਰਿਵਾਰ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕਰਕੇ ਸਾਲਾਜ਼ਾਰ ਦੀ ਭਲਾਈ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਅੱਗੇ ਵਧਣ ‘ਤੇ ਪੁਲਿਸ ਨੇ ਪੀੜਤਾ ਦੀ ਲਾਸ਼ ਬਰਾਮਦ ਕੀਤੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਅਗਲੀ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ।






