Homeਪੰਜਾਬਸੰਧਵਾਂ ਵੱਲੋਂ ਪੰਜਾਬੀ ਸਿਨੇਮਾ ਦੀ ਸ਼ਲਾਘਾ, ਪੰਜਾਬ ’ਚ CBFC ਸ਼ਾਖਾ ਦੀ ਮੰਗ

ਸੰਧਵਾਂ ਵੱਲੋਂ ਪੰਜਾਬੀ ਸਿਨੇਮਾ ਦੀ ਸ਼ਲਾਘਾ, ਪੰਜਾਬ ’ਚ CBFC ਸ਼ਾਖਾ ਦੀ ਮੰਗ

Punjab Assembly Speaker Kultar Singh Sandhwan praises Punjabi cinema and discusses a dedicated CBFC branch and film city in Punjab.

ਚੰਡੀਗੜ੍ਹ, 8 ਅਗਸਤ, 2026 (ਕਾਜਲ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਫਿਲਮ ਦਿ ਗ੍ਰੇਟ ਪੰਜਾਬ ਰੌਬਰੀ’ ਦੀ ਟੀਮ ਨਾਲ ਮੁਲਾਕਾਤ ਕਰਦਿਆਂ ਫਿਲਮ ਦੀ ਕਹਾਣੀ, ਸੰਦੇਸ਼ ਅਤੇ ਪੰਜਾਬ ਦੀ ਸਕਾਰਾਤਮਕ ਤਸਵੀਰ ਪੇਸ਼ ਕਰਨ ਲਈ ਸ਼ਲਾਘਾ ਕੀਤੀ। ਫਿਲਮ ਦੀ ਟੀਮ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿੱਚ ਸਪੀਕਰ ਨਾਲ ਮੁਲਾਕਾਤ ਕੀਤੀ।

ਮੁਲਾਕਾਤ ਦੌਰਾਨ ਸਪੀਕਰ ਨੇ ਫਿਲਮ ਦੇ ਕਲਾਕਾਰਾਂ ਅਤੇ ਨਿਰਮਾਣ ਟੀਮ ਨਾਲ ਪੰਜਾਬੀ ਸੱਭਿਆਚਾਰ, ਪੰਜਾਬੀਅਤ, ਖੇਤਰੀ ਸਿਨੇਮਾ ਅਤੇ ਸੂਬੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਵਫ਼ਦ ਵਿੱਚ ਫਿਲਮ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਰਾਜ ਕੁੰਦਰਾ, ਪਾਇਲ ਰਾਜਪੂਤ, ਪਰਮਵੀਰ ਸਿੰਘ, ਨਿਰਦੇਸ਼ਕ ਸੌਰਵ ਵਰਮਾ ਅਤੇ ਗੁਰਪ੍ਰੀਤ ਕੌਰ ਚੱਢਾ ਸ਼ਾਮਲ ਸਨ।

ਫਿਲਮ ਟੀਮ ਨੇ ਸਪੀਕਰ ਸਾਹਮਣੇ ਪੰਜਾਬ ਵਿੱਚ Central Board of Film Certification (CBFC) ਦੀ ਇੱਕ ਸਮਰਪਿਤ ਸ਼ਾਖਾ ਸਥਾਪਤ ਕਰਨ ਦੀ ਮੰਗ ਰੱਖੀ। ਟੀਮ ਦਾ ਕਹਿਣਾ ਸੀ ਕਿ ਇਸ ਨਾਲ ਪੰਜਾਬੀ ਫਿਲਮ ਨਿਰਮਾਤਾਵਾਂ ਨੂੰ ਫਿਲਮ ਸਰਟੀਫਿਕੇਸ਼ਨ ਨਾਲ ਸਬੰਧਤ ਕੰਮਾਂ ਲਈ ਮੁੰਬਈ ਜਾਂ ਦਿੱਲੀ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਦੇਰੀ ਦੀ ਸਮੱਸਿਆ ਵੀ ਘੱਟ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਸਰਕਾਰੀ ਸਹਿਯੋਗ ਨਾਲ ਇੱਕ ਆਧੁਨਿਕ ਫਿਲਮ ਸਿਟੀ ਵਿਕਸਿਤ ਕਰਨ ਦਾ ਸੁਝਾਅ ਵੀ ਦਿੱਤਾ ਗਿਆ। ਫਿਲਮ ਟੀਮ ਮੁਤਾਬਕ ਇਸ ਨਾਲ ਪੰਜਾਬੀ ਸਿਨੇਮਾ ਨੂੰ ਬੁਨਿਆਦੀ ਢਾਂਚਾ ਮਿਲਣ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਸਕਦੇ ਹਨ।

ਟੀਮ ਨੇ ਉੱਚ ਪੱਧਰੀ ਪੰਜਾਬੀ ਫਿਲਮਾਂ ਨੂੰ ਸਰਕਾਰੀ ਪ੍ਰੋਤਸਾਹਨ ਅਤੇ ਸੰਸਥਾਗਤ ਸਹਾਇਤਾ ਦੇਣ ਦੀ ਮੰਗ ਵੀ ਰੱਖੀ, ਤਾਂ ਜੋ ਪੰਜਾਬੀ ਸਿਨੇਮਾ ਨੂੰ ਕਾਨਸ ਫਿਲਮ ਫੈਸਟੀਵਲ ਵਰਗੇ ਕੌਮਾਂਤਰੀ ਮੰਚਾਂ ’ਤੇ ਹੋਰ ਮਜ਼ਬੂਤੀ ਨਾਲ ਪੇਸ਼ ਕੀਤਾ ਜਾ ਸਕੇ। ਫਿਲਮ ਨਿਰਮਾਤਾਵਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਦੀ ਵਿਰਾਸਤ, ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਪੰਜਾਬੀਅਤ ਨੂੰ ਉਜਾਗਰ ਕਰਨ ਵਾਲੀਆਂ ਫਿਲਮਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਕਾਰਾਤਮਕ ਕਹਾਣੀਆਂ ਨੌਜਵਾਨ ਪੀੜ੍ਹੀ ਤੱਕ ਚੰਗਾ ਸੰਦੇਸ਼ ਪਹੁੰਚਾ ਸਕਦੀਆਂ ਹਨ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀ ਸਿਨੇਮਾ ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਸੈਰ-ਸਪਾਟੇ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਮਾਧਿਅਮ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕਾਰਾਤਮਕ ਸੰਦੇਸ਼ ਵਾਲੀਆਂ ਫਿਲਮਾਂ ਸਮਾਜ ਨੂੰ ਸਹੀ ਦਿਸ਼ਾ ਦੇਣ ਦੇ ਨਾਲ ਪੰਜਾਬ ਦੀ ਵਿਲੱਖਣ ਪਛਾਣ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਸਪੀਕਰ ਨੇ ਰਾਜ ਕੁੰਦਰਾ ਵੱਲੋਂ ਦਸਤਾਰ ਸਜਾਉਣ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦਸਤਾਰ ਪੰਜਾਬ ਦੀ ਸ਼ਾਨ, ਸਨਮਾਨ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਕਦਮ ਸਮਾਜ ਵਿੱਚ ਸੱਭਿਆਚਾਰਕ ਸਾਂਝ ਅਤੇ ਆਪਸੀ ਸਨਮਾਨ ਦਾ ਸਕਾਰਾਤਮਕ ਸੰਦੇਸ਼ ਦੇਵੇਗਾ।

 

RELATED ARTICLES
- Advertisment -
Google search engine
Google search engine
Google search engine

Most Popular

Recent Comments