ਜਲੰਧਰ, 8 ਅਗਸਤ, 2026 (ਜਗਦੇਵ ਰੰਚਨਾ) : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪਿਛਲੇ ਸੱਤ ਮਹੀਨਿਆਂ ਦੌਰਾਨ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ NDPS ਐਕਟ ਤਹਿਤ 1,201 ਮਾਮਲੇ ਦਰਜ ਕਰਕੇ ਨਸ਼ਾ ਤਸਕਰੀ ਨਾਲ ਜੁੜੇ 1,440 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀ ਇਸ ਕਾਰਵਾਈ ਦੌਰਾਨ ਪੁਲਿਸ ਨੇ 16.810 ਕਿਲੋ ਹੈਰੋਇਨ, 119 ਗ੍ਰਾਮ ਮੈਥਾਮਫੇਟਾਮਾਈਨ (ਆਈਸ), 9.274 ਕਿਲੋ ਅਫੀਮ, 24.624 ਕਿਲੋ ਗਾਂਜਾ ਅਤੇ 33.750 ਕਿਲੋ ਭੁੱਕੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ 20 ਗ੍ਰਾਮ ਕੋਕੀਨ, 15.200 ਕਿਲੋ ਚਰਸ ਅਤੇ 3,130 ਨਸ਼ੀਲੀਆਂ ਕੈਪਸੂਲਾਂ/ਗੋਲੀਆਂ ਵੀ ਕਬਜ਼ੇ ਵਿੱਚ ਲਈਆਂ ਹਨ। ਨਸ਼ਾ ਤਸਕਰੀ ਤੋਂ ਹੋਣ ਵਾਲੀ ਕਥਿਤ ਕਮਾਈ ਦੇ 11,17,900 ਰੁਪਏ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਵਰਤੇ ਜਾਂਦੇ ਵਾਹਨ ਵੀ ਬਰਾਮਦ ਕੀਤੇ ਗਏ ਹਨ।
ਪੁਲਿਸ ਨੇ ਨਸ਼ਿਆਂ ਦੇ ਨਾਲ-ਨਾਲ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਵੀ ਕਾਰਵਾਈ ਤੇਜ਼ ਕੀਤੀ ਹੈ। ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਤਹਿਤ 51 ਗੈਰ-ਕਾਨੂੰਨੀ ਪਿਸਤੌਲ ਅਤੇ 133 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ ਗੈਂਗਸਟਰਾਂ ਨਾਲ ਜੁੜੇ ਵਿਅਕਤੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਨਿਗਰਾਨੀ ਵਧਾਈ ਗਈ ਹੈ। ਸ਼ਹਿਰ ਵਿੱਚ ਅਪਰਾਧ ਨੂੰ ਰੋਕਣ ਲਈ ਕਮਿਸ਼ਨਰੇਟ ਪੁਲਿਸ ਨੇ 45 ਐਮਰਜੈਂਸੀ ਰਿਸਪਾਂਸ ਵਾਹਨ ਅਤੇ 14 ਮੋਟਰਸਾਈਕਲ ਪੈਟਰੋਲਿੰਗ ਯੂਨਿਟ ਤਾਇਨਾਤ ਕੀਤੇ ਹਨ। ਇਨ੍ਹਾਂ ਯੂਨਿਟਾਂ ਵਿੱਚ 209 ਪੁਲਿਸ ਮੁਲਾਜ਼ਮ ਡਿਊਟੀ ਨਿਭਾ ਰਹੇ ਹਨ। ਸ਼ਹਿਰ ਦੇ ਮੁੱਖ ਦਾਖ਼ਲਾ ਅਤੇ ਨਿਕਾਸੀ ਮਾਰਗਾਂ ’ਤੇ ਰਾਤ ਸਮੇਂ ਸਥਾਈ ਨਾਕੇ ਵੀ ਲਗਾਏ ਜਾ ਰਹੇ ਹਨ।
ਪੁਲਿਸ ਵੱਲੋਂ ਵਾਹਨਾਂ ਦੀ ਰੀਅਲ-ਟਾਈਮ ਜਾਂਚ ਲਈ VAHAN ਡੇਟਾਬੇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ (PAIS), ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ICCC), CCTV ਨਿਗਰਾਨੀ ਅਤੇ ਡਿਜੀਟਲ ਫੋਰੈਂਸਿਕ ਲੈਬ ਦੀ ਮਦਦ ਨਾਲ ਜਾਂਚ ਨੂੰ ਹੋਰ ਵਿਗਿਆਨਕ ਬਣਾਇਆ ਗਿਆ ਹੈ। ਪੰਜਾਬ ਦੇ DGP ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਦੀ ਰਣਨੀਤੀ ਹੁਣ ਸਿਰਫ਼ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰੀਆਂ ਤੱਕ ਸੀਮਿਤ ਨਹੀਂ ਰਹੀ, ਸਗੋਂ ਸੰਗਠਿਤ ਅਪਰਾਧ ਦੇ ਪੂਰੇ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਅਪਰਾਧੀਆਂ ਦੇ ਵਿੱਤੀ ਸਰੋਤਾਂ, ਹਥਿਆਰਾਂ, ਲਾਜਿਸਟਿਕਸ, ਤਕਨਾਲੋਜੀ ਅਤੇ ਸਹਿਯੋਗੀ ਨੈੱਟਵਰਕ ’ਤੇ ਇੱਕੋ ਸਮੇਂ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ਿਆਂ ਦੀ ਮੰਗ ਘਟਾਉਣ ਲਈ ਪੁਲਿਸ ਨੇ ਨਸ਼ਾ ਛੁਡਾਊ ਅਤੇ ਪੁਨਰਵਾਸ ਪ੍ਰੋਗਰਾਮਾਂ ’ਤੇ ਵੀ ਧਿਆਨ ਵਧਾਇਆ ਹੈ। ਜਨਵਰੀ ਤੋਂ ਹੁਣ ਤੱਕ 1,300 ਵਿਅਕਤੀਆਂ ਨੂੰ ਡੀ-ਐਡੀਕਸ਼ਨ ਸੈਂਟਰਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ 1,509 ਲੋਕਾਂ ਨੂੰ Outpatient Opioid Assisted Treatment (OOAT) ਕੇਂਦਰਾਂ ਲਈ ਰੈਫਰ ਕੀਤਾ ਗਿਆ। ਇਸ ਤੋਂ ਇਲਾਵਾ NDPS ਐਕਟ ਦੀ ਧਾਰਾ 64-A ਤਹਿਤ 504 ਯੋਗ ਲਾਭਪਾਤਰੀਆਂ ਨੂੰ ਰਾਹਤ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਕਿਹਾ ਕਿ ਹਰ ਕਾਰਵਾਈ ਦਾ ਮਕਸਦ ਅਪਰਾਧ ਦੀ ਕਿਸੇ ਇੱਕ ਕੜੀ ਨੂੰ ਤੋੜਨਾ ਹੀ ਨਹੀਂ, ਬਲਕਿ ਪੂਰੇ ਅਪਰਾਧਿਕ ਨੈੱਟਵਰਕ ਨੂੰ ਕਮਜ਼ੋਰ ਕਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਪਲਾਈ ਚੇਨ, ਗੈਰ-ਕਾਨੂੰਨੀ ਹਥਿਆਰਾਂ, ਗੈਂਗ ਸਹਿਯੋਗੀਆਂ ਅਤੇ ਤਕਨਾਲੋਜੀ ਦੀ ਵਰਤੋਂ ਰਾਹੀਂ ਅਪਰਾਧੀਆਂ ਲਈ ਕੰਮ ਕਰਨਾ ਮੁਸ਼ਕਲ ਬਣਾਇਆ ਜਾ ਰਿਹਾ ਹੈ।
ਇਸ ਦੌਰਾਨ ਜਲੰਧਰ ਪੁਲਿਸ ਨੇ BSF ਚੌਕ ਧਮਾਕਾ ਮਾਮਲਾ ਵੀ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਅਤੇ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪਾਕਿਸਤਾਨ ਸਥਿਤ ਹੈਂਡਲਰਾਂ ਨਾਲ ਕਥਿਤ ਸਬੰਧਾਂ ਦਾ ਪਤਾ ਲਗਾਇਆ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਮੌਜੂਦ ਤੱਤਾਂ ਨਾਲ ਕਥਿਤ ਤੌਰ ’ਤੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਵਾਲੇ ਇੱਕ ਐਂਟੀ-ਨੈਸ਼ਨਲ ਮੋਡੀਊਲ ਦਾ ਵੀ ਪਰਦਾਫਾਸ਼ ਕੀਤਾ ਗਿਆ। ਪੁਲਿਸ ਅਨੁਸਾਰ ਤਕਨਾਲੋਜੀ, ਖੁਫੀਆ ਜਾਣਕਾਰੀ, ਵਿਗਿਆਨਕ ਜਾਂਚ ਅਤੇ ਰੋਕਥਾਮੀ ਕਾਰਵਾਈ ਦੇ ਸੁਮੇਲ ਰਾਹੀਂ ਜਲੰਧਰ ਵਿੱਚ ਸੰਗਠਿਤ ਅਪਰਾਧ ਲਈ ਉਪਲਬਧ ਥਾਂ ਅਤੇ ਸਰੋਤਾਂ ਨੂੰ ਲਗਾਤਾਰ ਘਟਾਇਆ ਜਾ ਰਿਹਾ ਹੈ।





