ਚੇਨਈ, 7 ਅਗਸਤ, 2026 (ਹਰਸ਼ਪ੍ਰੀਤ ਕੌਰ) : ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਤਮਿਲਾਗਾ ਵੇਟਰੀ ਕਜ਼ਗਮ (TVK) ਦੇ ਮੁਖੀ ਸੀ. ਜੋਸਫ਼ ਵਿਜੈ ਅਤੇ ਉਨ੍ਹਾਂ ਦੀ ਪਤਨੀ ਸੰਗੀਤਾ ਸੌਰਨਲਿੰਗਮ ਵਿਚਕਾਰ ਚੱਲ ਰਿਹਾ ਤਲਾਕ ਦਾ ਮਾਮਲਾ ਹੁਣ ਖ਼ਤਮ ਹੋ ਗਿਆ ਹੈ। ਪਰਿਵਾਰ ਅਦਾਲਤ ਨੇ ਸੰਗੀਤਾ ਵੱਲੋਂ ਤਲਾਕ ਦੀ ਪਟੀਸ਼ਨ ਵਾਪਸ ਲੈਣ ਤੋਂ ਬਾਅਦ ਕੇਸ ਨੂੰ ਰਸਮੀ ਤੌਰ ‘ਤੇ ਬੰਦ ਕਰ ਦਿੱਤਾ।
ਅਦਾਲਤੀ ਕਾਰਵਾਈ ਦੌਰਾਨ ਸੰਗੀਤਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਲਗਾਈ ਅਤੇ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੀ ਤਲਾਕ ਦੀ ਅਰਜ਼ੀ ਵਾਪਸ ਲੈਣਾ ਚਾਹੁੰਦੀ ਹੈ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸੰਗੀਤਾ ਨੇ ਇਸ ਸਾਲ ਫਰਵਰੀ ਵਿੱਚ ਚੇਂਗਲਪੱਟੂ ਦੀ ਪਰਿਵਾਰ ਅਦਾਲਤ ਵਿੱਚ ਵਿਆਹ ਖ਼ਤਮ ਕਰਨ ਲਈ ਅਰਜ਼ੀ ਦਾਇਰ ਕੀਤੀ ਸੀ। ਉਨ੍ਹਾਂ ਨੇ ਪਟੀਸ਼ਨ ਵਿੱਚ ਦੋਵਾਂ ਵਿਚਕਾਰ ਮਤਭੇਦਾਂ ਨੂੰ ਤਲਾਕ ਦਾ ਕਾਰਨ ਦੱਸਿਆ ਸੀ। ਨਾਲ ਹੀ ਉਨ੍ਹਾਂ ਨੇ ਸਥਾਈ ਗੁਜ਼ਾਰਾ ਭੱਤਾ ਅਤੇ ਚੇਨਈ ਦੇ ਨੀਲੰਕਰਾਈ ਸਥਿਤ ਵਿਆਹਕ ਘਰ ਵਿੱਚ ਰਹਿਣ ਦੀ ਇਜਾਜ਼ਤ ਵੀ ਮੰਗੀ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਕਈ ਵਾਰ ਤਰੀਕਾਂ ਪਈਆਂ। ਜੂਨ ਮਹੀਨੇ ਵਿੱਚ ਵੀ ਸੰਗੀਤਾ ਨੇ ਅਦਾਲਤ ਨੂੰ ਸੰਕੇਤ ਦਿੱਤਾ ਸੀ ਕਿ ਉਹ ਆਪਣੀ ਅਰਜ਼ੀ ਵਾਪਸ ਲੈਣਾ ਚਾਹੁੰਦੀ ਹੈ। ਬਾਅਦ ਵਿੱਚ ਮਾਮਲੇ ਦੀ ਸੁਣਵਾਈ 7 ਅਗਸਤ ਲਈ ਨਿਰਧਾਰਤ ਕੀਤੀ ਗਈ ਸੀ।
ਵਿਜੈ ਅਤੇ ਸੰਗੀਤਾ ਦਾ ਵਿਆਹ 25 ਅਗਸਤ 1999 ਨੂੰ ਚੇਨਈ ਵਿੱਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ। ਸਾਲ 2023 ਤੋਂ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲੱਗਦੀਆਂ ਰਹੀਆਂ, ਕਿਉਂਕਿ ਸੰਗੀਤਾ ਕਈ ਜਨਤਕ ਅਤੇ ਰਾਜਨੀਤਿਕ ਸਮਾਗਮਾਂ ਵਿੱਚ ਨਜ਼ਰ ਨਹੀਂ ਆਈ ਸੀ। ਹੁਣ ਤਲਾਕ ਦੀ ਅਰਜ਼ੀ ਵਾਪਸ ਲੈਣ ਨਾਲ ਇਸ ਮਾਮਲੇ ‘ਤੇ ਫਿਲਹਾਲ ਪੂਰਨ ਵਿਰਾਮ ਲੱਗ ਗਿਆ ਹੈ।






