ਪਟਿਆਲਾ, 7 ਅਗਸਤ, 2026 (ਹਰਸ਼ਪ੍ਰੀਤ ਕੌਰ) : ਅਮਰੀਕਾ ਵਿੱਚ ਰੋਜ਼ੀ-ਰੋਟੀ ਕਮਾਉਣ ਗਏ ਪਟਿਆਲਾ ਦੇ ਪਿੰਡ ਅਤਾਲਾਂ ਦੇ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 24 ਸਾਲਾ ਖੁਸ਼ਕਰਨਦੀਪ ਸਿੰਘ, ਪੁੱਤਰ ਬਲਵਿੰਦਰ ਸਿੰਘ, ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਉਸ ਦੀ ਲਾਸ਼ ਕਈ ਦਿਨਾਂ ਦੀ ਭਾਲ ਮਗਰੋਂ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਖੁਸ਼ਕਰਨਦੀਪ ਕਰੀਬ ਪੰਜ ਸਾਲ ਪਹਿਲਾਂ ਬਿਹਤਰ ਭਵਿੱਖ ਦੀ ਆਸ ਨਾਲ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਵਿੱਚ ਟਰੱਕ ਚਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਕਾਰ ਵਿੱਚ ਕਿਤੇ ਜਾ ਰਿਹਾ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਪਰਿਵਾਰ ਦੀ ਚਿੰਤਾ ਉਸ ਸਮੇਂ ਵਧ ਗਈ ਜਦੋਂ 30 ਜੁਲਾਈ ਤੋਂ ਉਸ ਦਾ ਮੋਬਾਈਲ ਫੋਨ ਲਗਾਤਾਰ ਬੰਦ ਆਉਣ ਲੱਗਾ। ਇਸ ਤੋਂ ਬਾਅਦ ਅਮਰੀਕਾ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੇ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਵੱਲੋਂ ਕੀਤੀ ਗਈ ਜਾਂਚ ਅਤੇ ਭਾਲ ਦੌਰਾਨ ਇੱਕ ਜੰਗਲੀ ਖੇਤਰ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ। ਫਿਲਹਾਲ ਅਮਰੀਕੀ ਪੁਲਿਸ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਅਧਿਕਾਰਕ ਤੌਰ ‘ਤੇ ਖੁਲਾਸਾ ਨਹੀਂ ਹੋਇਆ। ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਘਟਨਾ ਬਾਰੇ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ। ਇਸ ਦੁਖਦਾਈ ਘਟਨਾ ਨਾਲ ਪਿੰਡ ਅਤਾਲਾਂ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।






