ਪਟਿਆਲਾ 6 ਅਗਸਤ 2026 (ਹਰਸ਼ਪ੍ਰੀਤ ਕੌਰ) :ਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਲਈ ਦਿੱਤੀ ਜਾ ਰਹੀ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਨੇ ਸੂਬੇ ਦੇ ਇਕ ਕਰੋੜ ਦੇ ਲਗਭਗ ਬਿਜਲੀ ਖ਼ਪਤਕਾਰਾਂ ਵਿੱਚੋ 90 ਫ਼ੀਸਦੀ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਪ੍ਰਦਾਨ ਕੀਤੀ ਹੈ।
ਸੂਬਾ ਸਰਕਾਰ ਦੀ ਇਸ ਯੋਜਨਾ ਨੇ ਆਮ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਨਾਲ-ਨਾਲ ਗਰੀਬ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਉੱਤੇ ਬਿਜਲੀ ਦੇ ਬਿੱਲਾਂ ਦਾ ਬੋਝ ਘਟਾਉਂਦਿਆਂ ਮਹੀਨਾਵਾਰ ਬਿਜਲੀ ਖ਼ਰਚ ਵਿੱਚ ਕਮੀ ਲਿਆਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਸਿੱਧਾ ਆਰਥਿਕ ਲਾਭ ਮਿਲਿਆ ਹੈ।
ਅੱਜ ਸੂਬੇ ਦੇ ਲੱਖਾਂ ਪਰਿਵਾਰ ਪੰਜਾਬ ਸਰਕਾਰ ਵਲੋਂ ਮੁਫ਼ਤ ਮੁਹਾਇਆ ਕਰਵਾਈ ਜਾ ਰਹੀ ਬਿਜਲੀ ਨੂੰ ਵਰਤ ਰਹੇ ਨੇ ਤੇ ਬਿਜਲੀ ਬਿਲਾਂਚ ਜਾਣ ਵਾਲੀ ਰਾਸ਼ੀ ਨੂੰ ਵੱਡੀ ਗਿਣਤੀ ਪਰਿਵਾਰ ਆਪਣੇ ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ, ਘਰੇਲੂ ਲੋੜਾਂ ਅਤੇ ਹੋਰ ਜ਼ਰੂਰੀ ਖ਼ਰਚਿਆਂ ’ਤੇ ਵਰਤ ਰਹੇ ਹਨ। ਇਥੇ ਹੀ ਬੱਸ ਨਹੀਂ ਇਸ ਯੋਜਨਾ ਦਾ ਇੱਕ ਹੋਰ ਵੱਡਾ ਸਕਾਰਾਤਮਕ ਪ੍ਰਭਾਵ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਲੋਕਾਂ ਵਿੱਚ ਬਿਜਲੀ ਦੀ ਸੰਭਾਲ ਅਤੇ ਸਹੀ ਵਰਤੋਂ ਪ੍ਰਤੀ ਜਾਗਰੂਕਤਾ ਵਧੀ ਹੈ। ਹੁਣ ਬਹੁਤੇ ਪਰਿਵਾਰਾਂ ਵਲੋਂ ਆਪਣੀ ਮਹੀਨਾਵਾਰ ਖਪਤ ਨੂੰ 300 ਯੂਨਿਟ ਦੇ ਅੰਦਰ ਰੱਖਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਵੱਡੀ ਗਿਣਤੀ ਬਿਜਲੀ ਖਪਤਕਾਰਾਂ ਵਲੋਂ ਗੈਰ-ਜ਼ਰੂਰੀ ਬਿਜਲੀ ਉਪਕਰਣ ਬੰਦ ਰੱਖਣ, ਐਲਈਡੀ ਬਲਬ ਅਤੇ ਘੱਟ ਊਰਜਾ ਲੈਣ ਵਾਲੇ ਬਿਜਲੀ ਉਪਕਰਣਾ ਦੀ ਵਰਤੋਂ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਉਹਨ੍ਹਾਂ ਵਲੋਂ ਏ.ਸੀ (ਏਅਰ ਕੰਡੀਸ਼ਨਰ), ਹੀਟਰ ਵਰਗੇ ਵੱਧ ਬਿਜਲੀ ਖਪਤ ਵਾਲੇ ਉਪਕਰਣਾਂ ਦੀ ਸੋਚ-ਸਮਝ ਕੇ ਵਰਤੋਂ ਕਰਨ ਨੂੰ ਤਰਜੀਹ ਦਿੱਤੀ ਹੈ।
ਇਨ੍ਹਾਂ ਯਤਨਾਂ ਦਾ ਸਿੱਧਾ ਲਾਭ ਉਹਨਾਂ ਪਰਿਵਾਰਾਂ ਨੂੰ ਮਿਲਿਆ ਹੈ, ਜਿਨ੍ਹਾਂ ਆਪਣੇ ਘਰਾਂ ਨੇ ਆਪਣੀ ਬਿਜਲੀ ਖਪਤ 300 ਯੂਨਿਟ ਦੇ ਅੰਦਰ ਰੱਖੀ, ਉਨ੍ਹਾਂ ਨੂੰ ਬਿਜਲੀ ਦੇ ਬਿੱਲ ਵਿੱਚ ਮਹੱਤਵਪੂਰਨ ਬਚਤ ਹੋਈ। ਪੰਜਾਬ ਸਰਕਾਰ ਦੀ ਇਹ ਯੋਜਨਾ ਕਾਰਨ ਸੂਬੇ ਦੇ 90 ਫ਼ੀਸਦੀ ਬਿਜਲੀ ਉਪਭੋਗਤਾ ਅੱਜ ਬਿਜਲੀ ਦੇ ਬਿੱਲ ਭਰਨ ਦੇ ਆਰਥਿਕ ਬੋਝ ਤੋਂ ਮੁਕਤ ਹੋਏ ਹਨ। ਸੂਬਾ ਸਰਕਾਰ ਦੀ ਇਹ ਯੋਜਨਾ ਲੋਕ-ਭਲਾਈ ਵੱਲ ਇੱਕ ਮਹੱਤਵਪੂਰਨ ਕਦਮ ਦੇ ਨਾਲ ਲੋਕਾਂ ਦੀ ਆਰਥਿਕ ਹਾਲਤ ਸੁਧਾਰਨ ਵਿਚ ਵੀ ਵਿਸ਼ੇਸ਼ ਯੋਗਦਾਨ ਰੱਖਦੀ ਹੈ।







