ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਭਵਿੱਖ ‘ਚ ਵੀ ਜਾਰੀ ਰਹੇਗੀ ਸਖ਼ਤੀ: ਨਿਗਮ ਟੀਮ
ਪਟਿਆਲਾ 6 ਅਗਸਤ, 2026 (ਹਰਸ਼ਪ੍ਰੀਤ ਕੌਰ) : ਸ਼ਾਹੀ ਸ਼ਹਿਰ ਪਟਿਆਲਾ ਨੂੰ ਸਵੱਛ ਸਾਫ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਮੰਤਵ ਨਾਲ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਦੀ ਅਗਵਾਈ ਵਿੱਚ ਸਿੰਗਲ ਯੂਜ਼ ਪਲਾਸਟਿਕ ਅਤੇ ਬੈਨ ਹੋਏ ਪਲਾਸਟਿਕ ਲਿਫ਼ਾਫ਼ਿਆਂ ਦੇ ਖ਼ਿਲਾਫ਼ ਸਖ਼ਤ ਮੁਹਿੰਮ ਵਿੱਢੀ ਗਈ ਹੈ। ਇਸੇ ਲੜੀ ਤਹਿਤ ਅੱਜ ਨਗਰ ਨਿਗਮ ਦੀ ਚੈਕਿੰਗ ਟੀਮ ਵੱਲੋਂ ਸਨੌਰੀ ਅੱਡਾ ਇਲਾਕੇ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਦੌਰਾਨ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੇ ਮੌਕੇ ‘ਤੇ ਹੀ 12 ਚਲਾਨ ਕੱਟੇ ਗਏ।
ਇਹ ਕਾਰਵਾਈ ਸੈਨੇਟਰੀ ਅਫ਼ਸਰ ਨਵਦੀਪ ਸ਼ਰਮਾ ਦੀ ਦੇਖ-ਰੇਖ ਹੇਠ ਸੈਨੇਟਰੀ ਇੰਸਪੈਕਟਰ ਰਾਜੇਸ਼ ਮੱਟੂ ਅਤੇ ਸੈਨੇਟਰੀ ਸੁਪਰਵਾਈਜ਼ਰ ਕੁਲਦੀਪ ਰੱਤਾ ਦੀ ਟੀਮ ਵੱਲੋਂ ਅੰਜਾਮ ਦਿੱਤੀ ਗਈ। ਚੈਕਿੰਗ ਦੌਰਾਨ ਨਿਗਮ ਦੀ ਟੀਮ ਨੇ ਬਾਜ਼ਾਰ ਵਿੱਚ ਦੁਕਾਨਾਂ ਅਤੇ ਖੋਖਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ, ਜਿੱਥੋਂ ਬੈਨ ਹੋਏ ਪਲਾਸਟਿਕ ਦੇ ਲਿਫ਼ਾਫ਼ੇ ਬਰਾਮਦ ਹੋਏ। ਟੀਮ ਵੱਲੋਂ ਮੌਕੇ ‘ਤੇ ਪਲਾਸਟਿਕ ਜ਼ਬਤ ਕਰਦਿਆਂ ਸਬੰਧਿਤ ਵਿਅਕਤੀਆਂ ਦੇ ਕਾਨੂੰਨ ਮੁਤਾਬਕ ਚਲਾਨ ਕੱਟੇ ਗਏ।
ਇਸ ਮੌਕੇ ਸੈਨੇਟਰੀ ਅਫ਼ਸਰ ਨਵਦੀਪ ਸ਼ਰਮਾ ਅਤੇ ਸੈਨੇਟਰੀ ਇੰਸਪੈਕਟਰ ਰਾਜੇਸ਼ ਮੱਟੂ ਨੇ ਕਿਹਾ ਕਿ ਪਲਾਸਟਿਕ ਦੇ ਲਿਫ਼ਾਫ਼ੇ ਵਾਤਾਵਰਣ ਅਤੇ ਨਾਲੀਆਂ ਦੇ ਨਿਕਾਸ ਸਿਸਟਮ ਲਈ ਬਹੁਤ ਵੱਡਾ ਖ਼ਤਰਾ ਹਨ। ਨਗਰ ਨਿਗਮ ਵੱਲੋਂ ਵਾਰ-ਵਾਰ ਜਾਗਰੂਕ ਕਰਨ ਦੇ ਬਾਵਜੂਦ ਜੋ ਲੋਕ ਬੈਨ ਪਲਾਸਟਿਕ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਖ਼ਿਲਾਫ਼ ਇਹ ਸਖ਼ਤੀ ਅੱਗੇ ਵੀ ਲਗਾਤਾਰ ਜਾਰੀ ਰਹੇਗੀ।
ਨਿਗਮ ਟੀਮ ਨੇ ਸਮੂਹ ਦੁਕਾਨਦਾਰਾਂ, ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਬਿਲਕੁਲ ਬੰਦ ਕਰਨ ਅਤੇ ਆਸੇ ਪਾਸੇ ਕੂੜਾ ਸੁੱਟਣ ਦੀ ਬਜਾਏ ਆਪਣੀਆਂ ਦੁਕਾਨਾਂ ਜਾਂ ਸ਼ੋ ਰੂਮਾਂ ਦੇ ਬਾਹਰ ਡਸਟਬਿਨ ਜਰੂਰੁ ਲਗਾਉਣ। ਉਨ੍ਹਾਂ ਗਾਹਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਉਹ ਬਾਜ਼ਾਰ ਵਿੱਚ ਖ਼ਰੀਦਦਾਰੀ ਕਰਨ ਆਉਣ ਤਾਂ ਆਪਣੇ ਨਾਲ ਕੱਪੜੇ ਜਾਂ ਜੂਟ ਦੇ ਥੈਲੇ ਜ਼ਰੂਰ ਲੈ ਕੇ ਆਉਣ, ਤਾਂ ਜੋ ਪਟਿਆਲਾ ਨੂੰ ਪਲਾਸਟਿਕ ਮੁਕਤ ਅਤੇ ਸਾਫ਼-ਸੁਥਰਾ ਬਣਾਇਆ ਜਾ ਸਕੇ।







