ਸ਼ੇਰਪੁਰ, 4 ਅਗਸਤ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਸਰਕਾਰ ਦੀ ਲੋਕ ਭਲਾਈ ਪਹਿਲ ‘ਸੀ.ਐੱਮ. ਦੀ ਯੋਗਸ਼ਾਲਾ’ ਨੂੰ ਬਲਾਕ ਸ਼ੇਰਪੁਰ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਯੋਗ ਕਲਾਸਾਂ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਹਿੱਸਾ ਲੈ ਕੇ ਆਪਣੀ ਸਿਹਤ ਵਿੱਚ ਸਕਾਰਾਤਮਕ ਬਦਲਾਅ ਮਹਿਸੂਸ ਕਰ ਰਹੇ ਹਨ।
ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਨਿਯਮਿਤ ਯੋਗ ਅਭਿਆਸ ਨਾਲ ਕਈ ਭਾਗੀਦਾਰਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀਆਂ ਗੰਭੀਰ ਸਿਹਤ ਸਮੱਸਿਆਵਾਂ ਤੋਂ ਵੱਡੀ ਰਾਹਤ ਮਿਲੀ ਹੈ। ਇਸ ਦੌਰਾਨ ਰੁਪਿੰਦਰ ਕੌਰ ਨੇ ਪੁਰਾਣੇ ਸਰਵਾਈਕਲ ਦਰਦ ਤੋਂ ਛੁਟਕਾਰਾ ਪਾ ਕੇ ਸਿਹਤਮੰਦ ਜੀਵਨ ਦੀ ਸ਼ੁਰੂਆਤ ਕੀਤੀ ਹੈ, ਜਦਕਿ ਉਰਮਿਲਾ ਦੇਵੀ ਨੂੰ ਗੋਡਿਆਂ ਦੇ ਦਰਦ ਵਿੱਚ ਕਾਫ਼ੀ ਆਰਾਮ ਮਿਲਿਆ ਹੈ। ਇਸੇ ਤਰ੍ਹਾਂ ਜੋਗਿੰਦਰ ਕੌਰ ਦਾ ਘੱਟ ਬਲੱਡ ਪ੍ਰੈਸ਼ਰ ਹੁਣ ਆਮ ਪੱਧਰ ‘ਤੇ ਆ ਗਿਆ ਹੈ, ਵੀਰਪਾਲ ਕੌਰ ਨੇ ਵਜ਼ਨ ਘਟਾਉਣ ਦੇ ਨਾਲ-ਨਾਲ ਪਿੱਠ ਦੇ ਦਰਦ ਤੋਂ ਮੁਕਤੀ ਪ੍ਰਾਪਤ ਕੀਤੀ ਹੈ ਅਤੇ ਕੁਲਵਿੰਦਰ ਕੌਰ ਨੂੰ ਮਾਈਗ੍ਰੇਨ ਦੀ ਸਮੱਸਿਆ ਤੋਂ ਰਾਹਤ ਮਿਲੀ ਹੈ।
ਉਨ੍ਹਾਂ ਦੱਸਿਆ ਕਿ ‘ਸੀ.ਐੱਮ. ਦੀ ਯੋਗਸ਼ਾਲਾ’ ਪੰਜਾਬ ਸਰਕਾਰ ਦੀ ਇੱਕ ਲੋਕ-ਪੱਖੀ ਅਤੇ ਸਿਹਤ ਕੇਂਦਰਿਤ ਪਹਿਲ ਹੈ, ਜਿਸ ਦਾ ਉਦੇਸ਼ ਹਰ ਵਿਅਕਤੀ ਨੂੰ ਤੰਦਰੁਸਤ ਜੀਵਨ ਸ਼ੈਲੀ ਨਾਲ ਜੋੜਨਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਤੁਸੀਂ ਵੀ ਆਪਣੇ ਕਿਸੇ ਗਲੀ, ਮਹੱਲੇ ਜਾਂ ਪਿੰਡ ਵਿੱਚ ‘ਸੀ.ਐੱਮ. ਦੀ ਯੋਗਸ਼ਾਲਾ’ ਦੀ ਮੁਫ਼ਤ ਯੋਗ ਕਲਾਸ ਸ਼ੁਰੂ ਕਰਵਾਉਣਾ ਚਾਹੁੰਦੇ ਹੋ, ਤਾਂ ਫ਼ੋਨ ਨੰਬਰ 7888840198 ‘ਤੇ ਸੰਪਰਕ ਕਰ ਸਕਦੇ ਹੋ।






