ਨਵੀਂ ਦਿੱਲੀ, 4 ਅਗਸਤ 2026 (ਹਰਸ਼ਪ੍ਰੀਤ ਕੌਰ) : ਟੈਕਨੋਲੋਜੀ ਕੰਪਨੀ ਐਪਲ ਨੇ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਕੁਝ ਸਮੇਂ ਲਈ ਆਪਣੇ ਐਪ ਸਟੋਰ ਤੋਂ ਹਟਾ ਦਿੱਤਾ ਸੀ। ਕੰਪਨੀ ਨੇ ਇਹ ਕਦਮ ਉਸ ਸਮੇਂ ਚੁੱਕਿਆ ਸੀ, ਜਦੋਂ ਸਮੀਖਿਆ ਦੌਰਾਨ ਐਪ ‘ਤੇ ਅਜਿਹੀ ਸਮੱਗਰੀ ਮਿਲੀ ਜੋ ਐਪਲ ਦੀਆਂ ਨੀਤੀਆਂ ਦੀ ਉਲੰਘਣਾ ਕਰਦੀ ਸੀ। ਐਪਲ ਦੇ ਅਨੁਸਾਰ, ਜਾਂਚ ਵਿੱਚ ਅਜਿਹੀ ਸਮੱਗਰੀ ਸਾਹਮਣੇ ਆਈ ਜੋ ਬੱਚਿਆਂ ਨਾਲ ਜੁੜੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਰੋਕਣ ਵਾਲੇ ਦਿਸ਼ਾ-ਨਿਰਦੇਸ਼ਾਂ ਦੇ ਖ਼ਿਲਾਫ਼ ਸੀ। ਇਸ ਤੋਂ ਬਾਅਦ ਐਪ ਨੂੰ ਅਸਥਾਈ ਤੌਰ ‘ਤੇ ਐਪ ਸਟੋਰ ਤੋਂ ਹਟਾ ਦਿੱਤਾ ਗਿਆ।
ਕੰਪਨੀ ਨੇ ਦੱਸਿਆ ਕਿ ਟੈਲੀਗ੍ਰਾਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਸੰਬੰਧਿਤ ਸਮੱਗਰੀ ਨੂੰ ਹਟਾ ਦਿੱਤਾ ਗਿਆ ਅਤੇ ਇਸ ਨੂੰ ਪੋਸਟ ਕਰਨ ਵਾਲੇ ਯੂਜ਼ਰ ਨੂੰ ਵੀ ਬੈਨ ਕਰ ਦਿੱਤਾ ਗਿਆ। ਲੋੜੀਂਦੀ ਕਾਰਵਾਈ ਤੋਂ ਬਾਅਦ ਐਪਲ ਨੇ ਟੈਲੀਗ੍ਰਾਮ ਨੂੰ ਮੁੜ ਐਪ ਸਟੋਰ ‘ਤੇ ਉਪਲਬਧ ਕਰਵਾ ਦਿੱਤਾ। ਇਸ ਘਟਨਾ ਨੇ ਇੱਕ ਵਾਰ ਫਿਰ ਡਿਜ਼ੀਟਲ ਪਲੇਟਫਾਰਮਾਂ ‘ਤੇ ਸਮੱਗਰੀ ਦੀ ਨਿਗਰਾਨੀ ਅਤੇ ਸੁਰੱਖਿਆ ਨੀਤੀਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ।






