Homeਪੰਜਾਬਚੰਡੀਗੜ੍ਹ ਦੀ ਵਿਰਾਸਤੀ ਧਰੋਹਰ 'ਤੇ ਮੰਡਰਾਇਆ ਨਿਲਾਮੀ ਦਾ ਖ਼ਤਰਾ

ਚੰਡੀਗੜ੍ਹ ਦੀ ਵਿਰਾਸਤੀ ਧਰੋਹਰ ‘ਤੇ ਮੰਡਰਾਇਆ ਨਿਲਾਮੀ ਦਾ ਖ਼ਤਰਾ

ਚੰਡੀਗੜ੍ਹ:3 ਅਗਸਤ (ਛਤਰਪਾਲ ਸਿੰਘ):ਸ਼ਹਿਰ ਦੀ ਇਤਿਹਾਸਕ ਅਤੇ ਆਰਕੀਟੈਕਚਰਲ ਵਿਰਾਸਤ ਨਾਲ ਜੁੜੇ ਪੀਅਰੇ ਜੀਨੇਰੇਟ ਦੇ ਡਿਜ਼ਾਈਨ ਕੀਤੇ ਫਰਨੀਚਰ ਦੀ ਵਿਦੇਸ਼ ਵਿੱਚ ਹੋਣ ਵਾਲੀ ਨਿਲਾਮੀ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾ ਵਧ ਗਈ ਹੈ। ਜਾਣਕਾਰੀ ਮੁਤਾਬਕ, ਚੰਡੀਗੜ੍ਹ ਨਾਲ ਸਬੰਧਤ ਕਈ ਵਿਰਾਸਤੀ ਫਰਨੀਚਰ ਆਈਟਮਾਂ ਨੂੰ ਇਸ ਮਹੀਨੇ ਅਮਰੀਕਾ ਵਿੱਚ ਨਿਲਾਮੀ ਲਈ ਪੇਸ਼ ਕੀਤਾ ਜਾਣਾ ਹੈ।

ਨਿਲਾਮੀ ਸੂਚੀ ਵਿੱਚ ਸ਼ਾਮਲ ਵਸਤੂਆਂ ਵਿੱਚ ਦਫ਼ਤਰੀ ਕੁਰਸੀਆਂ, ਡੈਸਕ, ਫਾਈਲ ਰੈਕ, ਲਿਖਣ ਵਾਲੀਆਂ ਕੁਰਸੀਆਂ, ਡਾਇਨਿੰਗ ਕੁਰਸੀਆਂ ਅਤੇ ਹੋਰ ਮਹੱਤਵਪੂਰਨ ਫਰਨੀਚਰ ਸ਼ਾਮਲ ਹਨ। ਇਹ ਸਾਰੀਆਂ ਵਸਤੂਆਂ ਚੰਡੀਗੜ੍ਹ ਦੇ ਪ੍ਰਸ਼ਾਸਕੀ ਢਾਂਚੇ ਅਤੇ ਇਤਿਹਾਸਕ ਇਮਾਰਤਾਂ ਨਾਲ ਜੁੜੀਆਂ ਹੋਈਆਂ ਮੰਨੀਆਂ ਜਾਂਦੀਆਂ ਹਨ।

ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਸ਼ਾਸਕ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਅਜੈ ਜੱਗਾ ਨੇ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਰਨੀਚਰ ਸਿਰਫ਼ ਪੁਰਾਣੀਆਂ ਵਸਤੂਆਂ ਨਹੀਂ, ਸਗੋਂ ਭਾਰਤ ਦੀ ਸੱਭਿਆਚਾਰਕ ਅਤੇ ਵਾਸਤੂਕਲਾ ਵਿਰਾਸਤ ਦਾ ਅਹਿਮ ਹਿੱਸਾ ਹਨ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਦੇਸ਼ ਆਜ਼ਾਦੀ ਦੇ 80ਵੇਂ ਵਰ੍ਹੇ ਦੇ ਜਸ਼ਨਾਂ ਦੀ ਤਿਆਰੀ ਕਰ ਰਿਹਾ ਹੈ, ਉਸ ਵੇਲੇ ਦੇਸ਼ ਦੀ ਵਿਰਾਸਤ ਨਾਲ ਜੁੜੀਆਂ ਕੀਮਤੀ ਵਸਤੂਆਂ ਦਾ ਵਿਦੇਸ਼ੀ ਬਾਜ਼ਾਰਾਂ ਵਿੱਚ ਵਿਕਣਾ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਨਿਲਾਮੀ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ।

ਸੂਤਰਾਂ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦਾ ਸੱਭਿਆਚਾਰਕ ਵਿਭਾਗ ਵੀ ਸਰਗਰਮ ਹੋ ਗਿਆ ਹੈ ਅਤੇ ਨਿਲਾਮੀ ਦੀ ਪ੍ਰਕਿਰਿਆ ਨੂੰ ਰੋਕਣ ਲਈ ਕਾਨੂੰਨੀ ਅਤੇ ਪ੍ਰਸ਼ਾਸਕੀ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ, ਵਸਤੂਆਂ ਦੀ ਮਾਲਕੀ ਅਤੇ ਉਨ੍ਹਾਂ ਦੇ ਵਿਦੇਸ਼ ਪਹੁੰਚਣ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਪ੍ਰਸ਼ਾਸਨ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਨ੍ਹਾਂ ਵਿਰਾਸਤੀ ਵਸਤੂਆਂ ਦੀ ਨਿਲਾਮੀ ਨੂੰ ਰੋਕਣ ਅਤੇ ਉਨ੍ਹਾਂ ਨੂੰ ਮੁੜ ਭਾਰਤ ਲਿਆਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣਗੇ।

RELATED ARTICLES
- Advertisment -
Google search engine
Google search engine
Google search engine

Most Popular

Recent Comments