ਨਵੀਂ ਦਿੱਲੀ, 31 ਜੁਲਾਈ, 2026 (ਜਗਦੇਵ ਸਿੰਘ ਜੱਗੀ) : ਭਾਰਤੀ ਹਾਕੀ ਟੀਮ ਦੀ ਰਵਾਇਤੀ ਨੀਲੀ ਜਰਸੀ ਨੂੰ ਬਦਲ ਕੇ ਕੇਸਰੀ ਰੰਗ ਕਰਨ ਦੇ ਫੈਸਲੇ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਹਾਕੀ ਇੰਡੀਆ ਦੇ ਪ੍ਰਧਾਨ ਅਤੇ ਸਾਬਕਾ ਕਪਤਾਨ ਦਿਲੀਪ ਤਿਰਕੀ ਨੇ ਇਸ ਮਾਮਲੇ ਵਿੱਚ ਅਧਿਕਾਰੀਆਂ ਤੋਂ ਸਪਸ਼ਟੀਕਰਨ ਮੰਗਿਆ ਹੈ।
ਤਿਰਕੀ ਨੇ ਕਿਹਾ ਕਿ ਜਰਸੀ ਬਦਲਣ ਦਾ ਫੈਸਲਾ ਹਾਕੀ ਇੰਡੀਆ ਦੀ ਐਗਜ਼ਿਕਿਊਟਿਵ ਬੋਰਡ ਮੀਟਿੰਗ ਵਿੱਚ ਨਹੀਂ ਰੱਖਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਕੇਸਰੀ ਰੰਗ ਨਾਲ ਕੋਈ ਇਤਰਾਜ਼ ਨਹੀਂ ਹੈ, ਪਰ ਰਾਸ਼ਟਰੀ ਟੀਮ ਦੀ ਪਛਾਣ ਨਾਲ ਜੁੜੇ ਅਜਿਹੇ ਵੱਡੇ ਫੈਸਲੇ ਬੋਰਡ ਦੀ ਸਹਿਮਤੀ ਨਾਲ ਲਏ ਜਾਣੇ ਚਾਹੀਦੇ ਸਨ। ਦਿਲੀਪ ਤਿਰਕੀ ਨੇ ਅਧਿਕਾਰੀਆਂ ਨੂੰ ਜਰਸੀ ਬਦਲਣ ਦੀ ਪ੍ਰਕਿਰਿਆ, ਮਨਜ਼ੂਰੀ ਅਤੇ ਫੈਸਲੇ ਦੇ ਆਧਾਰ ਬਾਰੇ ਲਿਖਤੀ ਜਾਣਕਾਰੀ ਦੇਣ ਲਈ ਕਿਹਾ ਹੈ। ਇਹ ਮਾਮਲਾ ਐਫਆਈਐਚ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਸਾਹਮਣੇ ਆਇਆ ਹੈ।






