ਨਵੀਂ ਦਿੱਲੀ, 31 ਜੁਲਾਈ, 2026 (ਅਮਨਦੀਪ ਸਰਾਂ) : ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਅੱਜ ਲੋਕ ਸਭਾ ਅਤੇ ਰਾਜ ਸਭਾ ਵਿੱਚ ਕਈ ਮਹੱਤਵਪੂਰਨ ਬਿੱਲ ਵਿਚਾਰ ਅਤੇ ਪਾਸ ਕਰਨ ਲਈ ਪੇਸ਼ ਕੀਤੇ ਜਾਣਗੇ। ਲੋਕ ਸਭਾ ਵਿੱਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ 2026 ਅਤੇ ਸੁਪਰੀਮ ਕੋਰਟ (ਜੱਜਾਂ ਦੀ ਗਿਣਤੀ) ਸੋਧ ਬਿੱਲ 2026 ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਕਾਨੂੰਨ ਵਿੱਚ ਸੋਧ ਸਬੰਧੀ ਬਿੱਲ ਪੇਸ਼ ਕਰਨਗੇ, ਜਦਕਿ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਨਾਲ ਜੁੜਿਆ ਬਿੱਲ ਸਦਨ ਅੱਗੇ ਰੱਖਣਗੇ।
ਦੂਜੇ ਪਾਸੇ, ਰਾਜ ਸਭਾ ਵਿੱਚ ਮਾਈਕ੍ਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ਼ (ਐਮਐਸਐਮਈ) ਵਿਕਾਸ ਸੋਧ ਬਿੱਲ 2026 ਨੂੰ ਵਿਚਾਰ ਅਤੇ ਮਨਜ਼ੂਰੀ ਲਈ ਲਿਆਂਦਾ ਜਾਵੇਗਾ। ਇਹ ਬਿੱਲ ਐਮਐਸਐਮਈ ਖੇਤਰ ਨਾਲ ਸਬੰਧਿਤ ਮੌਜੂਦਾ ਕਾਨੂੰਨ ਵਿੱਚ ਸੋਧ ਕਰਨ ਦਾ ਪ੍ਰਸਤਾਵ ਰੱਖਦਾ ਹੈ।
ਇਸ ਤੋਂ ਇਲਾਵਾ ਦੋਵਾਂ ਸਦਨਾਂ ਵਿੱਚ ਵੱਖ-ਵੱਖ ਸੰਸਦੀ ਕਮੇਟੀਆਂ ਦੀਆਂ ਰਿਪੋਰਟਾਂ ਅਤੇ ਸਿਫ਼ਾਰਸ਼ਾਂ ਨਾਲ ਸਬੰਧਿਤ ਕਾਰਵਾਈ ਵੀ ਕੀਤੀ ਜਾਵੇਗੀ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ।
ਇਸੇ ਦੌਰਾਨ, ਲੋਕ ਪ੍ਰੀਖਿਆਵਾਂ (ਗੈਰ-ਕਾਨੂੰਨੀ ਤਰੀਕਿਆਂ ਦੀ ਰੋਕਥਾਮ) ਸੋਧ ਬਿੱਲ 2026 ਨੂੰ ਰਾਜ ਸਭਾ ਵੱਲੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ, ਜਦਕਿ ਰਾਸ਼ਟਰੀ ਸਨਮਾਨ ਦੀ ਬੇਅਦਬੀ ਰੋਕੂ ਸੋਧ ਬਿੱਲ 2026 ਵੀ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ।






