ਪਟਿਆਲਾ: 29 ਜੁਲਾਈ 2026 (ਛਤਰਪਾਲ ਸਿੰਘ) ਵਾਤਾਵਰਨ ਸੰਭਾਲ ਅਤੇ ਹਰਿਆਵਲ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਜਨਹਿਤ ਸਮਿਤੀ (ਰਜਿ.) ਪਟਿਆਲਾ ਵੱਲੋਂ ਸਰਕਾਰੀ ਆਈ.ਟੀ.ਆਈ. (ਲੜਕੇ), ਨਾਭਾ ਰੋਡ/ਮਾਡਲ ਟਾਊਨ ਵਿਖੇ ਫ਼ਲਦਾਰ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਪ੍ਰਧਾਨ ਐੱਸ. ਕੇ. ਗੌਤਮ ਅਤੇ ਜਨਰਲ ਸਕੱਤਰ ਸਟੇਟ ਐਵਾਰਡੀ ਵਿਨੋਦ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਲਗਭਗ 50 ਫ਼ਲਦਾਰ ਪੌਦੇ ਲਗਾਏ ਗਏ ਅਤੇ ਉਨ੍ਹਾਂ ਦੀ ਸੰਭਾਲ ਦਾ ਸੰਕਲਪ ਵੀ ਲਿਆ ਗਿਆ।
ਸਮਾਗਮ ਦੀ ਪ੍ਰਧਾਨਗੀ ਸਰਕਾਰੀ ਆਈ.ਟੀ.ਆਈ. ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਬੰਗਾ ਨੇ ਕੀਤੀ, ਜਦਕਿ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਦੇ ਇੰਚਾਰਜ ਸੁਖਜਿੰਦਰ ਸਿੰਘ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੀ ਮੈਂਬਰ ਸ੍ਰੀਮਤੀ ਅਨੀਤਾ ਬਾਂਸਲ ਅਤੇ ਉਨ੍ਹਾਂ ਦੇ ਸਪੁੱਤਰ ਡਾ. ਏ. ਕੇ. ਬਾਂਸਲ ਦੇ ਸਹਿਯੋਗ ਨਾਲ ਇਹ ਪੌਦੇ ਲਗਾਏ ਗਏ।
ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਬੰਗਾ ਅਤੇ ਸੁਖਜਿੰਦਰ ਸਿੰਘ ਬਾਜਵਾ ਨੇ ਜਨਹਿਤ ਸਮਿਤੀ ਦੀ ਇਸ ਪਹਿਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਿਰਫ਼ ਪੌਦੇ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਕਰਨਾ ਵੀ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਧਦਾ ਪ੍ਰਦੂਸ਼ਣ ਅਤੇ ਬੇਤਹਾਸਾ ਦਰੱਖਤਾਂ ਦੀ ਕਟਾਈ ਮਨੁੱਖੀ ਸਿਹਤ ਲਈ ਗੰਭੀਰ ਚੁਣੌਤੀ ਬਣ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਪੰਜ ਰੁੱਖ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਅਤੇ ਸਿਹਤਮੰਦ ਵਾਤਾਵਰਨ ਮਿਲ ਸਕੇ।
ਵਾਤਾਵਰਨ ਇੰਚਾਰਜ ਅਨਿਲ ਖੰਨਾ ਨੇ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣਾ ਸਮੇਂ ਦੀ ਲੋੜ ਹੈ। ਸੰਸਥਾ ਦੇ ਫਾਊਂਡਰ ਮੈਂਬਰ ਅਨਿਲ ਕੁਮਾਰ ਭਾਰਤੀ ਅਤੇ ਮੈਨੇਜਰ ਸਤੀਸ਼ ਜੋਸ਼ੀ ਨੇ ਲੋਕਾਂ ਨੂੰ ਜੁਲਾਈ ਅਤੇ ਅਗਸਤ ਦੇ ਬਰਸਾਤੀ ਮਹੀਨਿਆਂ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਹਰ ਜਨਮਦਿਨ ‘ਤੇ ਘੱਟੋ-ਘੱਟ ਇੱਕ ਪੌਦਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲਗਾਏ ਗਏ ਪੌਦਿਆਂ ਦੀ ਪੂਰੀ ਜ਼ਿੰਮੇਵਾਰੀ ਨਾਲ ਸਾਂਭ-ਸੰਭਾਲ ਕਰਨ ਦੀ ਸਹੁੰ ਵੀ ਚੁੱਕੀ।
ਸਮਾਗਮ ਵਿੱਚ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਭਾਰਤੀ, ਲੈਫ਼ਟੀਨੈਂਟ/ਕੈਪਟਨ ਜਗਦੀਪ ਜੋਸ਼ੀ, ਟ੍ਰੇਨਿੰਗ ਅਫ਼ਸਰ ਸੁਖਵੰਤ ਸਿੰਘ, ਪ੍ਰੋਫੈਸਰ ਸਵਿੰਦਰ ਸਿੰਘ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਪ੍ਰੈੱਸ ਸਕੱਤਰ ਪਰਮਿੰਦਰ ਭਲਵਾਨ, ਨਾਗਿੰਦਰ ਜੋਸ਼ੀ, ਰੁਦਰਪ੍ਰਤਾਪ ਸਿੰਘ, ਐਡਵੋਕੇਟ ਹਰਜਿੰਦਰ ਸਿੰਘ, ਹਰਪਾਲ ਮਾਨ, ਸੁਰਿੰਦਰ ਸਿੰਘ, ਅਰੁਣ ਕੁਮਾਰ, ਅਰਜੁਨ ਕੁਮਾਰ, ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਦੇ ਡਾਟਾ ਆਪਰੇਟਰ ਵਰਿੰਦਰ ਸਿੰਘ ਖਰੋੜ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ, ਵਿਦਿਆਰਥੀ ਅਤੇ ਸਮਾਜ ਸੇਵੀ ਹਾਜ਼ਰ ਰਹੇ।
ਬੁਲਾਰਿਆਂ ਨੇ ਜਨਹਿਤ ਸਮਿਤੀ ਵੱਲੋਂ ਸ਼ਹਿਰ ਦੇ ਪਾਰਕਾਂ ਦੀ ਸੰਭਾਲ, ਲੋੜਵੰਦ ਲੜਕੀਆਂ ਦੇ ਵਿਆਹਾਂ ਵਿੱਚ ਸਹਾਇਤਾ, ਮੁਫ਼ਤ ਰਾਸ਼ਨ, ਫ਼ਰੀ ਐਂਬੂਲੈਂਸ ਸੇਵਾ, ਰਾਜਿੰਦਰਾ ਹਸਪਤਾਲ ਵਿੱਚ ਵ੍ਹੀਲਚੇਅਰ, ਟ੍ਰਾਈਸਾਈਕਲ ਅਤੇ ਦਵਾਈਆਂ ਦੀ ਸਹਾਇਤਾ ਦੇ ਨਾਲ-ਨਾਲ ਔਰਤਾਂ ਲਈ ਮੁਫ਼ਤ ਸਿਲਾਈ-ਕਢਾਈ ਅਤੇ ਕੰਪਿਊਟਰ ਸਿਖਲਾਈ ਕੇਂਦਰ ਚਲਾਉਣ ਵਰਗੇ ਸਮਾਜ ਭਲਾਈ ਦੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ।
ਅੰਤ ਵਿੱਚ ਸੰਸਥਾ ਦੇ ਪ੍ਰਧਾਨ ਐੱਸ. ਕੇ. ਗੌਤਮ ਨੇ ਕਿਹਾ ਕਿ ਜਨਹਿਤ ਸਮਿਤੀ ਭਵਿੱਖ ਵਿੱਚ ਵੀ ਵਾਤਾਵਰਨ ਸੰਭਾਲ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਇਸੇ ਤਰ੍ਹਾਂ ਜਾਰੀ ਰੱਖੇਗੀ ਅਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਰਹੇਗੀ।








