ਫ਼ਿਰੋਜ਼ਪੁਰ, 15 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ)
ਗੁਰਸਿੱਖ ਬੱਚੀ ਗੁਰਸ਼ਰਨ ਨੇ ਸਿਰਫ਼ ਡੇਢ ਮਿੰਟ ‘ਚ ਅੱਠ ਕਵਿਤਾਵਾਂ ਲਿਖ ਕੇ ‘ਇੰਡੀਆ ਬੁੱਕ ਆਫ ਰਿਕਾਰਡਸ 2025’ (IBR) ‘ਚ ਆਪਣਾ ਨਾਮ ਸੋਨੇ ਦੇ ਅੱਖਰਾਂ ਨਾਲ ਦਰਜ ਕਰਵਾਇਆ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੰਡਾਲਾ ਦੀ ਰਹਿਣ ਵਾਲੀ ਗੁਰਸ਼ਰਨ ਕੌਰ ਵਿਰਕ ਨੇ ਸਾਹਿਤ ਦੇ ਖੇਤਰ ‘ਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰਕੇ ਸਾਰੇ ਪੰਜਾਬ ਦਾ ਮਾਣ ਵਧਾਇਆ ਹੈ।
ਪਿੰਡ ਬੰਡਾਲਾ ਵਰਤਮਾਨ ਵਿੱਚ ਹੜ੍ਹਾਂ ਕਾਰਨ ਪੂਰੀ ਤਰ੍ਹਾਂ ਪਾਣੀ ‘ਚ ਡੁਬਿਆ ਹੋਇਆ ਹੈ, ਪਰ ਇਸ ਮੁਸੀਬਤ ਦੇ ਬਾਵਜੂਦ ਗੁਰਸ਼ਰਨ ਨੇ ਆਪਣਾ ਟੀਚਾ ਪ੍ਰਾਪਤ ਕਰਨ ‘ਚ ਸਫਲਤਾ ਪ੍ਰਾਪਤ ਕੀਤੀ। ਗੁਰਸ਼ਰਨ ਨੂੰ ਇਸ ਸਫਲਤਾ ਲਈ ‘ਇੰਡੀਆ ਬੁੱਕ ਆਫ ਰਿਕਾਰਡਸ’ ਵੱਲੋਂ ਇੱਕ ਸਨਮਾਨਿਤ ਸਰਟੀਫਿਕੇਟ ਤੇ ਸੋਨੇ ਦਾ ਤਗਮਾ ਦਿੱਤਾ ਗਿਆ ਹੈ।
ਹਰਸਿਮਰਤ ਕੌਰ ਬਾਦਲ ਨੇ ਆਪਣੇ ਪੋਸਟ ‘ਚ ਕਿਹਾ, “ਮੈਂ ਗੁਰਸ਼ਰਨ ਦੇ ਇਸ ਹੌਂਸਲੇ ਅਤੇ ਸਿਦਕ ਲਈ ਉਸਨੂੰ ਸਲਾਮ ਕਰਦੀ ਹਾਂ। ਇਹ ਸਿਰਫ਼ ਉਸ ਦੀ ਨਹੀਂ, ਸਾਡੇ ਸਾਰੇ ਪੰਜਾਬ ਦੀ ਸਫਲਤਾ ਹੈ।” ਉਨ੍ਹਾਂ ਨੇ ਗੁਰਸ਼ਰਨ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਕਿ ਉਸ ਨੇ ਬਹੁਤ ਮੁਸ਼ਕਿਲ ਹਾਲਾਤਾਂ ‘ਚ ਆਪਣੀ ਮਿਹਨਤ ਨੂੰ ਜਾਰੀ ਰੱਖਿਆ।
ਗੁਰਸ਼ਰਨ ਦੀ ਇਹ ਕਾਮਯਾਬੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹੈ, ਜੋ ਦਰਸਾਉਂਦੀ ਹੈ ਕਿ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਸੰਕਲਪ ਨਾਲ ਕੋਈ ਵੀ ਮੁਸ਼ਕਿਲ ਪਾਰ ਕੀਤੀ ਜਾ ਸਕਦੀ ਹੈ। ਪੂਰੀ ਸਿੱਖ ਕੌਮ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦੇ ਸੰਦੇਸ਼ ਭੇਜ ਰਹੀ ਹੈ।







