ਪਟਿਆਲਾ, 22 ਜੁਲਾਈ, 2026 (ਦੀਪਕ ਦੱਤਾ) : ਪਟਿਆਲਾ ਵਿਖੇ ਪਾਵਰਕੌਮ (PSPCL) ਮੁੱਖ ਦਫ਼ਤਰ ਮੂਹਰੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਧਰਨਾ ਦੇ ਰਹੇ ਮ੍ਰਿਤਕ ਬਿਜਲੀ ਮੁਲਾਜ਼ਮਾਂ ਦੇ ਆਸ਼ਰਿਤਾਂ ਦਾ ਪ੍ਰਦਰਸ਼ਨ ਅੱਜ ਹੋਰ ਤਿੱਖਾ ਹੋ ਗਿਆ। ਨੌਕਰੀ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਯੂਨੀਅਨ ਦੇ 3 ਮੈਂਬਰ ਅੱਜ ਸ਼ਹਿਰ ਦੇ ਕਾਲੀ ਮਾਤਾ ਮੰਦਿਰ ਨੇੜੇ ਸਥਿਤ ਇੱਕ ਮੋਬਾਈਲ ਕੰਪਨੀ ਦੇ ਉੱਚੇ ਟਾਵਰ ‘ਤੇ ਚੜ੍ਹ ਗਏ, ਜਿਸ ਨਾਲ ਪ੍ਰਸ਼ਾਸਨ ਅਤੇ ਪੁਲੀਸ ਹਰਕਤ ਵਿੱਚ ਆ ਗਈ।
5 ਜੂਨ ਤੋਂ ਜਾਰੀ ਹੈ ਧਰਨਾ
ਨੌਕਰੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਬਿਜਲੀ ਮੁਲਾਜ਼ਮਾਂ ਦੇ ਆਸ਼ਰਿਤ 5 ਜੂਨ ਤੋਂ ਪਾਵਰਕੌਮ ਦਫ਼ਤਰ ਦੇ ਬਾਹਰ ਲਗਾਤਾਰ ਪੱਕਾ ਧਰਨਾ ਲਗਾ ਕੇ ਬੈਠੇ ਹਨ।
ਮੌਕੇ ‘ਤੇ ਪੁਲੀਸ ਬਲ ਤਾਇਨਾਤ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਪ੍ਰਸ਼ਾਸਨ ਵੱਲੋਂ ਟਾਵਰ ਦੇ ਹੇਠਾਂ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
- ਟਾਵਰ ਦੇ ਹੇਠਾਂ ਵੀ ਧਰਨਾ: ਇੱਕ ਪਾਸੇ ਜਿੱਥੇ ਤਿੰਨ ਪ੍ਰਦਰਸ਼ਨਕਾਰੀ ਟਾਵਰ ‘ਤੇ ਚੜ੍ਹੇ ਹੋਏ ਹਨ, ਉੱਥੇ ਹੀ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਟਾਵਰ ਦੇ ਹੇਠਾਂ ਵੀ ਧਰਨਾ ਮਾਰ ਦਿੱਤਾ ਹੈ।
- ਮੁੱਖ ਦਫ਼ਤਰ ‘ਤੇ ਪ੍ਰਦਰਸ਼ਨ ਜਾਰੀ: ਇਸ ਦੇ ਨਾਲ ਹੀ ਪਾਵਰਕੌਮ ਦੇ ਮੁੱਖ ਦਫ਼ਤਰ ਮੂਹਰੇ ਚੱਲ ਰਿਹਾ ਧਰਨਾ ਵੀ ਪਹਿਲਾਂ ਵਾਂਗ ਹੀ ਜਾਰੀ ਹੈ।








