ਪਟਿਆਲਾ ,20 ਜੁਲਾਈ (ਜਗਦੇਵ ਸਿੰਘ ਜੱਗੀ): ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਇੱਕ ਨਿੱਜੀ ਬੈਂਕੁਇਟ ਹਾਲ ਵਿੱਚ ਆਯੋਜਿਤ ਵਿਸ਼ੇਸ਼ ਮੀਟਿੰਗ ਦੌਰਾਨ ਮੀਡੀਆ ਕਰਮੀਆਂ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।
ਜੌਹਰੀ ਪਰਿਵਾਰ ਵੱਲੋਂ ਕਰਵਾਈ ਗਈ ਇਸ ਮੀਟਿੰਗ ਵਿੱਚ ਪੱਤਰਕਾਰਾਂ, ਸਥਾਨਕ ਕੌਂਸਲਰਾਂ, ਅਗਰਵਾਲ ਧਰਮਸ਼ਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਹਰਚੰਦ ਸਿੰਘ ਬਰਸਟ ਦਾ ਨਿੱਘਾ ਸਵਾਗਤ ਕੀਤਾ ਗਿਆ।
ਮੀਟਿੰਗ ਦੌਰਾਨ ਮੀਡੀਆ ਕਰਮੀਆਂ ਨੇ ਆਪਣੇ ਪੇਸ਼ੇ ਨਾਲ ਜੁੜੀਆਂ ਵੱਖ-ਵੱਖ ਸਮੱਸਿਆਵਾਂ ਅਤੇ ਮੰਗਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਿਆ। ਹਰਚੰਦ ਸਿੰਘ ਬਰਸਟ ਨੇ ਧਿਆਨ ਨਾਲ ਉਨ੍ਹਾਂ ਦੇ ਵਿਚਾਰ ਸੁਣਦਿਆਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੱਕ ਇਹ ਮੁੱਦੇ ਪਹੁੰਚਾਏ ਜਾਣਗੇ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਸਰਕਾਰ ਤੇ ਲੋਕਾਂ ਵਿਚਕਾਰ ਇੱਕ ਮਹੱਤਵਪੂਰਨ ਪੁਲ ਦੀ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ ਪੱਤਰਕਾਰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ, ਜਿਸ ਦੀ ਸਰਾਹਨਾ ਕੀਤੀ ਜਾਣੀ ਚਾਹੀਦੀ ਹੈ।ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸਮਾਗਮ ਦੇ ਸਫਲ ਆਯੋਜਨ ਲਈ ਜੌਹਰੀ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਸਰਗਰਮ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜਿਕ ਕਾਰਜਾਂ ਵਿੱਚ ਅਜਿਹੇ ਪਰਿਵਾਰਾਂ ਦਾ ਯੋਗਦਾਨ ਹੋਰਨਾਂ ਲਈ ਵੀ ਪ੍ਰੇਰਣਾਦਾਇਕ ਹੈ।
ਇਸ ਮੌਕੇ ਡਾ. ਕੇ. ਕੇ. ਜੌਹਰੀ, ਸਤਪਾਲ ਜੌਹਰੀ, ਦਰਸ਼ਨ ਕੁਮਾਰ ਮਿੱਤਲ, ਜੀਵਨ ਗਰਗ, ਕੌਂਸਲਰ ਬੇਅੰਤ ਸਿੰਘ ਪੱਪੀ, ਯਸ਼ਪਾਲ ਸਿੰਗਲਾ, ਡਾ. ਪ੍ਰੇਮਪਾਲ, ਹਰਪ੍ਰੀਤ ਸਿੰਘ ਕੂਕਾ, ਨਰਿੰਦਰ ਮਿੱਤਲ, ਜਤਿੰਦਰ ਸ਼ਰਮਾ, ਸ਼ਾਮ ਲਾਲ ਦੱਤ, ਬਾਲ ਕ੍ਰਿਸ਼ਨ ਗੁਪਤਾ ਅਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।








