Homeਪੰਜਾਬਸੁਨਾਮ 'ਚ ਮਹਾ ਰੁਜ਼ਗਾਰ ਮੇਲਾ ਅੱਜ, 100 ਤੋਂ ਵੱਧ ਕੰਪਨੀਆਂ 3500 ਤੋਂ...

ਸੁਨਾਮ ‘ਚ ਮਹਾ ਰੁਜ਼ਗਾਰ ਮੇਲਾ ਅੱਜ, 100 ਤੋਂ ਵੱਧ ਕੰਪਨੀਆਂ 3500 ਤੋਂ ਵੱਧ ਅਸਾਮੀਆਂ ਲਈ ਕਰਨਗੀਆਂ ਭਰਤੀ

ਸੁਨਾਮ, 20 ਜੁਲਾਈ (ਵਿਸ਼ਾਲ ਗੁਪਤਾ): ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 20 ਜੁਲਾਈ ਨੂੰ ਸੁਨਾਮ ਵਿਖੇ ਵਿਸ਼ਾਲ ਮੈਗਾ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰੁਜ਼ਗਾਰ ਉਤਪਤੀ, ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਸੂਬੇ ਦੇ ਨੌਜਵਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮਹਾਰਾਜਾ ਪੈਲੇਸ (ਸੁਨਾਮ-ਪਟਿਆਲਾ ਰੋਡ) ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗਣ ਵਾਲੇ ਇਸ ਰੁਜ਼ਗਾਰ ਮੇਲੇ ਵਿੱਚ ਦੇਸ਼ ਅਤੇ ਸੂਬੇ ਦੀਆਂ 100 ਤੋਂ ਵੱਧ ਪ੍ਰਸਿੱਧ ਕੰਪਨੀਆਂ ਹਿੱਸਾ ਲੈਣਗੀਆਂ। ਮੇਲੇ ਦੌਰਾਨ 3500 ਤੋਂ ਵੱਧ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ, ਜਿੱਥੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਤਜਰਬੇ ਦੇ ਆਧਾਰ ‘ਤੇ 12 ਹਜ਼ਾਰ ਤੋਂ 42 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਦੀ ਪੇਸ਼ਕਸ਼ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਨਿੱਜੀ ਖੇਤਰ ਵਿੱਚ ਵੀ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਲਗਾਤਾਰ ਅਜਿਹੇ ਰੁਜ਼ਗਾਰ ਮੇਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਮੈਰਿਟ ਦੇ ਆਧਾਰ ‘ਤੇ 68 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।

ਮੇਲੇ ਵਿੱਚ 18 ਤੋਂ 50 ਸਾਲ ਤੱਕ ਦੇ ਉਮੀਦਵਾਰ ਹਿੱਸਾ ਲੈ ਸਕਣਗੇ। 10ਵੀਂ, 12ਵੀਂ, ਆਈਟੀਆਈ, ਡਿਪਲੋਮਾ, ਬੀ.ਕਾਮ, ਬੀ.ਐਸਸੀ., ਗ੍ਰੈਜੂਏਸ਼ਨ ਅਤੇ ਹੋਰ ਤਕਨੀਕੀ ਯੋਗਤਾਵਾਂ ਵਾਲੇ ਨੌਜਵਾਨਾਂ ਲਈ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਉਪਲਬਧ ਹੋਣਗੀਆਂ।

ਸੋਨਾਲੀਕਾ, ਮਹਿੰਦਰਾ ਟਰੈਕਟਰਜ਼, ਕੇਆਰਬੀਐਲ, ਏਪੀ ਆਰਗੈਨਿਕਸ, ਅਵਾਨੀ, ਮੈਕਸ, ਨਾਹਰ ਸਪਿਨਿੰਗ ਸਮੇਤ ਕਈ ਪ੍ਰਮੁੱਖ ਕੰਪਨੀਆਂ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈਣਗੀਆਂ।

ਅਮਨ ਅਰੋੜਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਸਲ ਸਰਟੀਫਿਕੇਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਆਉਣ, ਤਾਂ ਜੋ ਯੋਗਤਾ ਦੇ ਆਧਾਰ ‘ਤੇ ਮੌਕੇ ‘ਤੇ ਹੀ ਇੰਟਰਵਿਊ ਅਤੇ ਚੋਣ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments