ਪਟਿਆਲਾ, 15 ਜੁਲਾਈ(ਜਗਦੇਵ ਸਿੰਘ ਜੱਗੀ): ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਤਹਿਤ ਪਟਿਆਲਾ ਵਿੱਚ ਨਵੀਂ ਸੜਕ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕੀਤੀ ਗਈ। ਨਾਭਾ ਰੋਡ ਭਾਖੜਾ ਤੋਂ ਲੈ ਕੇ ਥਾਪਰ ਕਾਲਜ ਤੱਕ ਬਣਨ ਵਾਲੀ ਇਸ ਸੜਕ ਦਾ ਉਦਘਾਟਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ। ਇਸ ਪ੍ਰੋਜੈਕਟ ‘ਤੇ 4 ਕਰੋੜ 58 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਐਕਸੀਅਨ ਹਰਪ੍ਰੀਤ ਸਿੰਘ, ਕੌਂਸਲਰ ਸੋਨੀਆ ਦਾਸ, ਵਾਰਡ 59 ਦੇ ਇੰਚਾਰਜ ਘੁੰਮਣ ਸਿੰਘ ਫੌਜੀ ਅਤੇ ਵਾਰਡ 60 ਦੇ ਇੰਚਾਰਜ ਰੁਪਿੰਦਰ ਸਿੰਘ ਕੋਚ ਸਮੇਤ ਹੋਰ ਅਧਿਕਾਰੀ ਅਤੇ ਆਗੂ ਮੌਜੂਦ ਸਨ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਸ਼ਹਿਰ ਅਤੇ ਪਿੰਡ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਸੜਕਾਂ, ਗਲੀਆਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੇ ਕਈ ਪ੍ਰੋਜੈਕਟ ਤੇਜ਼ੀ ਨਾਲ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਨਾਭਾ ਰੋਡ ਭਾਖੜਾ ਤੋਂ ਥਾਪਰ ਕਾਲਜ ਤੱਕ ਬਣਨ ਵਾਲੀ ਇਹ ਸੜਕ ਪਟਿਆਲਾ ਵਾਸੀਆਂ ਦੇ ਨਾਲ-ਨਾਲ ਲੁਧਿਆਣਾ, ਮਲੇਰਕੋਟਲਾ, ਨਾਭਾ ਅਤੇ ਹੋਰ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਲਈ ਵੀ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਮੁਤਾਬਕ ਇਸ ਰਸਤੇ ਰਾਹੀਂ ਰੋਜ਼ਾਨਾਹਜ਼ਾਰਾਂਲੋਕ ਆਵਾਜਾਈ ਕਰਦੇ ਹਨ।ਵਿਧਾਇਕ ਕੋਹਲੀ ਨੇ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਵਾਰਡ ਵਿੱਚ ਵਿਕਾਸ ਕਾਰਜ ਪਹਿਲ ਦੇ ਆਧਾਰ ‘ਤੇ ਕਰਵਾਏ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਹ ਰਫ਼ਤਾਰ ਜਾਰੀ ਰਹੇਗੀ।
ਇਸ ਦੌਰਾਨ ਅਧਿਕਾਰੀਆਂ ਨੇ ਵਿਧਾਇਕ ਨੂੰ ਭਰੋਸਾ ਦਿਵਾਇਆ ਕਿ ਸੜਕ ਨਿਰਮਾਣ ਦੇ ਕੰਮ ਦੀ ਗੁਣਵੱਤਾ ਅਤੇ ਸਮੇਂ ਸਿਰ ਪੂਰਾ ਹੋਣ ਨੂੰ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਇਸ ਪ੍ਰੋਜੈਕਟ ਦਾ ਪੂਰਾ ਲਾਭ ਮਿਲ ਸਕੇ।







