ਚੇਨਈ, 14 ਜੁਲਾਈ (ਹਰਸ਼ਪ੍ਰੀਤ ਕੌਰ) : ਹੈੱਡ ਕੋਚ ਵਜੋਂ 18 ਸਾਲਾਂ ਦੇ ਲੰਬੇ ਅਤੇ ਇਤਿਹਾਸਕ ਸਫ਼ਰ ਤੋਂ ਬਾਅਦ, ਸਟੀਫਨ ਫਲੇਮਿੰਗ ਅਤੇ ਚੇਨਈ ਸੁਪਰ ਕਿੰਗਜ਼ (CSK) ਸੋਮਵਾਰ ਨੂੰ ਆਪਸੀ ਸਹਿਮਤੀ ਨਾਲ ਇੱਕ-ਦੂਜੇ ਤੋਂ ਵੱਖ ਹੋ ਗਏ ਹਨ। ਇਸ ਵੱਡੇ ਫੈਸਲੇ ਤੋਂ ਬਾਅਦ ਹੁਣ ਫ੍ਰੈਂਚਾਈਜ਼ੀ ਵਿੱਚ ਐੱਮ.ਐੱਸ. ਧੋਨੀ (MS Dhoni) ਦੀ ਭਵਿੱਖੀ ਭੂਮਿਕਾ ‘ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ ਹਨ।
ਜਦੋਂ ਤੋਂ ਇਹ ਫ੍ਰੈਂਚਾਈਜ਼ੀ ਇਸ ਸੀਜ਼ਨ ਵਿੱਚ ਲਗਾਤਾਰ ਤੀਜੀ ਵਾਰ ਆਈ.ਪੀ.ਐੱਲ. (IPL) ਪਲੇਅ-ਆਫ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ ਸੀ, ਉਦੋਂ ਤੋਂ ਹੀ ਹੈੱਡ ਕੋਚ ਵਜੋਂ ਫਲੇਮਿੰਗ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਸੀ ਅਤੇ ਮੈਨੇਜਮੈਂਟ ਲਗਾਤਾਰ ਵੱਖ-ਵੱਖ ਬਦਲਾਂ ‘ਤੇ ਵਿਚਾਰ ਕਰ ਰਹੀ ਸੀ।
MLC ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਲਿਆ ਫੈਸਲਾ
ਮੇਜਰ ਲੀਗ ਕ੍ਰਿਕਟ (MLC) ਦੇ ਨਾਲ ਮਿਲ ਕੇ ਕੀਤੇ ਗਏ ਇੱਕ ਰਿਵਿਊ (ਸਮੀਖਿਆ) ਤੋਂ ਬਾਅਦ ਇਸ ਫੈਸਲੇ ‘ਤੇ ਮੋਹਰ ਲੱਗੀ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਇਸ ਲੀਗ ਵਿੱਚ CSK ਦੀ ਸਹਿਯੋਗੀ ਫ੍ਰੈਂਚਾਈਜ਼ੀ ‘ਟੈਕਸਾਸ ਸੁਪਰ ਕਿੰਗਜ਼’ (Texas Super Kings) ਸਭ ਤੋਂ ਹੇਠਲੇ ਸਥਾਨ ‘ਤੇ ਰਹੀ ਸੀ। ਇਸ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਟੀਮ ਪ੍ਰਬੰਧਕਾਂ ਨੇ ਆਉਣ ਵਾਲੇ ਸੀਜ਼ਨਾਂ ਲਈ ਇੱਕ ਨਵੇਂ ਕੋਚ ਦੀ ਤਲਾਸ਼ ਕਰਨ ਦਾ ਰਸਮੀ ਫੈਸਲਾ ਕਰ ਲਿਆ ਹੈ।








