‘ਈਜ਼ ਆਫ਼ ਜਸਟਿਸ’ ਨਾਲ ਮਜ਼ਬੂਤ ਹੋਵੇਗਾ ਵਿਕਸਿਤ ਭਾਰਤ ਦਾ ਸੁਪਨਾ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਗੁਰੂਗ੍ਰਾਮ: 13 ਜੁਲਾਈ 2026 (ਸੰਜੀਵ ਸ਼ਰਮਾ) : ਹਰਿਆਣਾ ਦੀ ਨਿਆਂ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆਕਾਂਤ ਨੇ ਐਤਵਾਰ ਨੂੰ ਗੁਰੂਗ੍ਰਾਮ ਵਿੱਚ ਅਤਿ-ਆਧੁਨਿਕ ‘ਟਾਵਰ ਆਫ਼ ਜਸਟਿਸ’ ਨਿਆਂਇਕ ਕੰਪਲੈਕਸ ਦਾ ਉਦਘਾਟਨ ਕੀਤਾ।
ਤਾਵੜੂ ਅਤੇ ਪੁਨਹਾਨਾ ਨਿਆਂਇਕ ਕੰਪਲੈਕਸਾਂ ਦਾ ਵੀ ਰੱਖਿਆ ਨੀਂਹ ਪੱਥਰ
ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ, ਅਰਜੁਨ ਰਾਮ ਮੇਘਵਾਲ ਅਤੇ ਰਾਓ ਇੰਦਰਜੀਤ ਸਿੰਘ ਸਮੇਤ ਨਿਆਂਪਾਲਿਕਾ ਅਤੇ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਸਮਾਗਮ ਦੌਰਾਨ ਚੀਫ਼ ਜਸਟਿਸ ਨੇ ਵਰਚੁਅਲ ਮਾਧਿਅਮ ਰਾਹੀਂ ਨੂਹ ਜ਼ਿਲ੍ਹੇ ਦੇ ਤਾਵੜੂ ਅਤੇ ਪੁਨਹਾਨਾ ਵਿੱਚ ਬਣਨ ਵਾਲੇ ਨਵੇਂ ਨਿਆਂਇਕ ਕੰਪਲੈਕਸਾਂ ਦਾ ਨੀਂਹ ਪੱਥਰ ਵੀ ਰੱਖਿਆ।

ਆਪਣੇ ਸੰਬੋਧਨ ਵਿੱਚ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਆਧੁਨਿਕ ਨਿਆਂਇਕ ਢਾਂਚਾ ਲੋਕਾਂ ਨੂੰ ਤੇਜ਼, ਪਾਰਦਰਸ਼ੀ ਅਤੇ ਸੁਵਿਧਾਜਨਕ ਨਿਆਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਵਰਗੇ ਤੇਜ਼ੀ ਨਾਲ ਵਿਕਸਤ ਹੋ ਰਹੇ ਸ਼ਹਿਰ ਵਿੱਚ ਵਧ ਰਹੇ ਵਪਾਰਕ ਅਤੇ ਸਿਵਲ ਮਾਮਲਿਆਂ ਨੂੰ ਦੇਖਦਿਆਂ ਅਜਿਹੇ ਕੰਪਲੈਕਸ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਈਜ਼ ਆਫ਼ ਡੂਇੰਗ ਬਿਜ਼ਨਸ’ ਦੇ ਨਾਲ-ਨਾਲ ‘ਈਜ਼ ਆਫ਼ ਜਸਟਿਸ’ ਵੀ ਵਿਕਸਿਤ ਭਾਰਤ-2047 ਦੇ ਵਿਜ਼ਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਵੇਂ ਕੰਪਲੈਕਸ ਵਿੱਚ 55 ਆਧੁਨਿਕ ਅਦਾਲਤੀ ਕਮਰੇ, ਬਾਰ ਲਾਇਬ੍ਰੇਰੀ, ਮੱਧਸਥਤਾ ਕੇਂਦਰ, ਬੈਂਕ, ਡਾਕਘਰ ਅਤੇ ਹੋਰ ਕਈ ਡਿਜ਼ੀਟਲ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ, ਜਿਸ ਨਾਲ ਨਿਆਂਇਕ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਬਣੇਗੀ।
ਸਮਾਗਮ ਦੌਰਾਨ ਨਿਆਂਇਕ ਕੰਪਲੈਕਸ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।








