ਟੈਕਨਾਲੋਜੀ, 13 ਜੁਲਾਈ (ਜਗਦੇਵ ਸਿੰਘ ਜੱਗੀ): Samsung Electronics ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਦੱਖਣ ਵਿੱਚ ਸਥਿਤ ਯੋਂਗਿਨ ਸ਼ਹਿਰ ਵਿੱਚ ਆਪਣੀ ਨਵੀਂ ਸੈਮੀਕੰਡਕਟਰ (ਚਿਪ) ਫੈਕਟਰੀ ਨੂੰ 2030-31 ਦੀ ਬਜਾਏ 2029 ਤੱਕ ਚਾਲੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਇਹ ਕਦਮ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਬੁਨਿਆਦੀ ਢਾਂਚੇ ਵਿੱਚ ਵਰਤੀਆਂ ਜਾਣ ਵਾਲੀਆਂ ਮੈਮੋਰੀ ਚਿਪਾਂ ਦੀ ਤੇਜ਼ੀ ਨਾਲ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਚੁੱਕ ਰਹੀ ਹੈ।
ਪਿਛਲੇ ਮਹੀਨੇ ਸੈਮਸੰਗ ਅਤੇ ਇਸ ਦੀ ਦੱਖਣੀ ਕੋਰੀਆਈ ਮੁਕਾਬਲੇਦਾਰ ਕੰਪਨੀ SK Hynix ਨੇ ਦੇਸ਼ ਵਿੱਚ ਉਤਪਾਦਨ ਸਮਰੱਥਾ ਵਧਾਉਣ ਲਈ ਸੈਂਕੜੇ ਅਰਬ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਇਹ ਐਲਾਨ ਉਸ ਵੇਲੇ ਹੋਇਆ ਜਦੋਂ ਰਾਸ਼ਟਰਪਤੀ ਲੀ ਜੇ ਮਿਉਂਗ ਨੇ ਖੇਤਰੀ ਆਰਥਿਕ ਅਸਮਾਨਤਾਵਾਂ ਨੂੰ ਘਟਾਉਣ ਲਈ ਖਾਸ ਕਦਮ ਚੁੱਕਣ ਦੀ ਅਪੀਲ ਕੀਤੀ ਸੀ।
ਸਰਕਾਰ ਦੀ ਯੋਜਨਾ ਅਨੁਸਾਰ, ਯੋਂਗਿਨ ਵਿੱਚ ਸੈਮਸੰਗ ਅਤੇ SK Hynix ਦੀਆਂ ਨਵੀਆਂ ਚਿਪ ਫੈਕਟਰੀਆਂ ਦੇ ਨਿਰਮਾਣ ਨੂੰ ਤੇਜ਼ ਕਰਕੇ ਅਤੇ ਗਵਾਂਗਜੂ ਸ਼ਹਿਰ ਵਿੱਚ ਇੱਕ ਨਵਾਂ ਚਿਪ ਕਲੱਸਟਰ ਤਿਆਰ ਕਰਕੇ ਦੱਖਣੀ ਕੋਰੀਆ ਅਗਲੇ ਪੰਜ ਸਾਲਾਂ ਵਿੱਚ ਆਪਣੀ ਮੈਮੋਰੀ ਚਿਪ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰਨਾ ਚਾਹੁੰਦਾ ਹੈ।
ਸੈਮਸੰਗ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ, “ਕੰਪਨੀ ਯੋਂਗਿਨ ਵਿੱਚ ਆਪਣੀ ਪਹਿਲੀ ਚਿਪ ਫੈਬ੍ਰਿਕੇਸ਼ਨ ਫੈਕਟਰੀ ਨੂੰ 2029 ਤੱਕ ਚਾਲੂ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਪਹਿਲਾਂ ਤੈਅ ਕੀਤੇ ਸਮੇਂ ਨਾਲੋਂ ਇੱਕ ਤੋਂ ਦੋ ਸਾਲ ਪਹਿਲਾਂ ਹੋਵੇਗੀ।”
ਇਸ ਕਦਮ ਨੂੰ AI ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਖੇਤਰਾਂ ਵਿੱਚ ਮੈਮੋਰੀ ਚਿਪਾਂ ਦੀ ਵਧ ਰਹੀ ਗਲੋਬਲ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸੈਮਸੰਗ ਦੀ ਲੰਬੀ ਮਿਆਦ ਦੀ ਰਣਨੀਤੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।








