ਮਨੋਰੰਜਨ:13ਜੁਲਾਈ (ਛਤਰਪਾਲ ਸਿੰਘ):ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਕੇਐਸ ਮੱਖਣ ਨੇ ਆਪਣੇ ਨਾਮ ਦੀ ਆੜ ਹੇਠ ਚੱਲ ਰਹੇ ਨਕਲੀ ਸੋਸ਼ਲ ਮੀਡੀਆ ਪੇਜਾਂ ਖ਼ਿਲਾਫ਼ ਸਖ਼ਤ ਰੁਖ ਅਪਣਾਇਆ ਹੈ। ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ‘ਤੇ ਫਰਜ਼ੀ ਖਾਤੇ ਚਲਾ ਰਹੇ ਹਨ।
ਮੱਖਣ ਨੇ ਦੱਸਿਆ ਕਿ ਉਨ੍ਹਾਂ ਦਾ ਇਕੱਲਾ ਅਧਿਕਾਰਤ ਫੇਸਬੁੱਕ ਪੇਜ ‘KS Makhan Official’ ਹੈ, ਜਿਸ ਨੂੰ ਬਲੂ ਟਿੱਕ ਨਾਲ ਪ੍ਰਮਾਣਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦੇ ਨਾਮ ਨਾਲ ਚੱਲ ਰਹੇ ਹੋਰ ਪੇਜ ਜਾਅਲੀ ਹਨ ਅਤੇ ਉਹਨਾਂ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਗਾਇਕ ਨੇ ਕਿਹਾ ਕਿ ਜੇਕਰ ਕੋਈ ਫਰਜ਼ੀ ਪੇਜ ਉਨ੍ਹਾਂ ਦੇ ਨਾਮ ‘ਤੇ ਗਲਤ ਬਿਆਨਬਾਜ਼ੀ ਕਰਦਾ ਹੈ ਜਾਂ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਉਹ ਨਹੀਂ ਲੈਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੇ ਪੇਜ ਚਲਾਉਣ ਵਾਲਿਆਂ ਖ਼ਿਲਾਫ਼ ਜਲਦ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਕੇਐਸ ਮੱਖਣ ਨੇ ਆਪਣੇ ਜੱਦੀ ਪਿੰਡ ਸ਼ੰਕਰ ਵਿੱਚ ਫਿਲਮ ‘ਸਤਲੁਜ’ ਦੀ ਵਿਸ਼ੇਸ਼ ਸਕ੍ਰੀਨਿੰਗ ਕਰਵਾਉਣ ਦਾ ਐਲਾਨ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਅਸਲੀ ਜਾਣਕਾਰੀ ਲਈ ਸਿਰਫ਼ ਉਨ੍ਹਾਂ ਦੇ ਪ੍ਰਮਾਣਿਤ ਸੋਸ਼ਲ ਮੀਡੀਆ ਪੇਜਾਂ ਨੂੰ ਹੀ ਫਾਲੋ ਕਰਨ ਦੀ ਅਪੀਲ ਕੀਤੀ।








