ਵੋਟਰ ਐਨਿਊਮਰੇਸ਼ਨ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ ਸਵੇਰੇ 8 ਤੋਂ ਦੁਪਹਿਰ 3 ਵਜੇ ਤੱਕ ਮਿਲੇਗੀ ਸਹੂਲਤ
ਸੰਗਰੂਰ, 10 ਜੁਲਾਈ: ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) 2026 ਤਹਿਤ ਜ਼ਿਲ੍ਹਾ ਸੰਗਰੂਰ ਦੇ ਸਾਰੇ ਪੋਲਿੰਗ ਬੂਥਾਂ ‘ਤੇ 11 ਅਤੇ 12 ਜੁਲਾਈ ਨੂੰ ਦੋ ਦਿਨਾਂ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਦੌਰਾਨ ਯੋਗ ਵੋਟਰ ਆਪਣੇ ਐਨਿਊਮਰੇਸ਼ਨ ਫਾਰਮ ਭਰ ਕੇ ਜਮ੍ਹਾਂ ਕਰਵਾ ਸਕਣਗੇ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ ਨੇ ਦੱਸਿਆ ਕਿ ਇਹ ਕੈਂਪ ਸਵੇਰੇ 8:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਏ ਜਾਣਗੇ। ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ 099-ਲਹਿਰਾ, 100-ਦਿੜਬਾ, 101-ਸੁਨਾਮ, 107-ਧੂਰੀ ਅਤੇ 108-ਸੰਗਰੂਰ ਦੇ ਹਰ ਪੋਲਿੰਗ ਸਟੇਸ਼ਨ ‘ਤੇ ਬੂਥ ਲੈਵਲ ਅਫ਼ਸਰ (ਬੀਐਲਓ) ਨਿੱਜੀ ਤੌਰ ‘ਤੇ ਮੌਜੂਦ ਰਹਿਣਗੇ ਅਤੇ ਵੋਟਰਾਂ ਦੀ ਹਰ ਸੰਭਵ ਸਹਾਇਤਾ ਕਰਨਗੇ।
ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਯੋਗ ਵੋਟਰ ਆਪਣੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾ ਸਕਣਗੇ, ਜਦਕਿ ਬੀਐਲਓ ਪਹਿਲਾਂ ਪ੍ਰਾਪਤ ਹੋਏ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਕਰਨਗੇ। ਜਿੱਥੇ 100 ਫੀਸਦੀ ਡਿਜੀਟਾਈਜ਼ੇਸ਼ਨ ਮੁਕੰਮਲ ਹੋ ਚੁੱਕੀ ਹੈ, ਉੱਥੇ ਰਿਕਾਰਡ ਵਿੱਚ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕਰਨ ‘ਤੇ ਧਿਆਨ ਦਿੱਤਾ ਜਾਵੇਗਾ। ਜਿਨ੍ਹਾਂ ਬੂਥਾਂ ‘ਤੇ ਡਿਜੀਟਾਈਜ਼ੇਸ਼ਨ ਬਾਕੀ ਹੈ, ਉੱਥੇ ਫਾਰਮ ਇਕੱਤਰ ਕਰਨ ਅਤੇ ਡਿਜੀਟਾਈਜ਼ ਕਰਨ ਦਾ ਕੰਮ ਇੱਕੋ ਸਮੇਂ ਚਲਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸ਼ੇਸ਼ ਕੈਂਪਾਂ ਨੂੰ ਸਫਲ ਬਣਾਉਣ ਲਈ ਸਕੂਲਾਂ ਦੇ ਸਟਾਫ਼, ਮਾਲ ਵਿਭਾਗ ਦੇ ਪਟਵਾਰੀਆਂ, ਆਂਗਣਵਾੜੀ ਵਰਕਰਾਂ, ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ ਦੇ ਕਰਮਚਾਰੀਆਂ ਅਤੇ ਏ.ਐੱਲ.ਐੱਮ.ਟੀਜ਼., ਡੀ.ਐੱਲ.ਐੱਮ.ਟੀਜ਼. ਅਤੇ ਬੀਐਲਓ ਸੁਪਰਵਾਈਜ਼ਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ, ਤਾਂ ਜੋ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਅਤੇ 12 ਜੁਲਾਈ ਨੂੰ ਆਪਣੇ ਨੇੜਲੇ ਪੋਲਿੰਗ ਸਟੇਸ਼ਨ ‘ਤੇ ਪਹੁੰਚ ਕੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾਉਣ ਅਤੇ ਵੋਟਰ ਸੂਚੀ ਦੀ ਸੁਧਾਈ ਪ੍ਰਕਿਰਿਆ ਨੂੰ ਸਫਲ ਬਣਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਦੇ ਨਾਲ ਹੀ ਉਨ੍ਹਾਂ ਰਾਜਨੀਤਿਕ ਪਾਰਟੀਆਂ ਅਤੇ ਬੂਥ ਲੈਵਲ ਏਜੰਟਾਂ ਨੂੰ ਵੀ ਵੱਧ ਤੋਂ ਵੱਧ ਯੋਗ ਵੋਟਰਾਂ ਨੂੰ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।








